ਕੈਫੇ ਤੋਂ ਪਿਸਤੋਲ ਦੀ ਨੋਕ ’ਤੇ ਲੁੱਟੀ 15 ਹਜ਼ਾਰ ਦੀ ਨਕਦੀ
ਝਬਾਲ ਦੇ ਚਾਹ ਚੂਰੀ ਕੈਫੇ ਤੋਂ ਪਿਸਤੋਲ ਦੀ ਨੋਕ ’ਤੇ ਲੁੱਟੀ 15 ਹਜਾਰ ਦੀ ਨਕਦੀ
Publish Date: Sat, 22 Nov 2025 08:24 PM (IST)
Updated Date: Sun, 23 Nov 2025 04:11 AM (IST)

ਤੇਜਿੰਦਰ ਸਿੰਘ ਬੱਬੂ, •ਪੰਜਾਬੀ ਜਾਗਰਣ, ਝਬਾਲ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਝਬਾਲ ਵਿਖੇ ਸਥਿਤ ਚਾਹ ਚੂਰੀ ਨਾਮਕ ਕੈਫੇ ਤੋਂ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਹਥਿਆਰਾਂ ਦੀ ਨੋਕ ਤੇ 15 ਹਜਾਰ ਦੀ ਲੁੱਟ ਕਰਕੇ ਫਰਾਰ ਹੋ ਗਏ। ਉਕਤ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੂਜੇ ਪਾਸੇ ਪੁਲਿਸ ਨਾਲ ਜਦੋਂ ਉਕਤ ਘਟਨਾ ਦਾ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਥਾਣਾ ਅਧਿਕਾਰੀ ਨੇ ਫੋਨ ਤੱਕ ਨਹੀਂ ਚੁੱਕਿਆ। ਕੈਫੇ ਦੇ ਸੰਚਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਾਮ ਕਰੀਬ ਸਾਢੇ 6 ਵਜੇ ਮੋਟਰਸਾਈਕਲ ਸਵਾਰ ਨਕਾਬਪੋਸ਼ ਤਿੰਨ ਲੁਟੇਰੇ ਕੈਫੇ ਅੰਦਰ ਦਾਖ਼ਲ ਹੋਏ ਅਤੇ ਆਉਂਦਿਆਂ ਕਰਿੰਦਿਆਂ ਅਤੇ ਗ੍ਰਾਹਕਾਂ ਉੱਪਰ ਪਿਸਤੌਲਾਂ ਤਾਣ ਲਈਆਂ। ਲੁਟੇਰਿਆਂ ਨੇ ਸਾਰਿਆਂ ਨੂੰ ਆਪਣੀ ਜਗ੍ਹਾ ’ਤੇ ਖੜ੍ਹੇ ਰਹਿਣ ਦੀ ਹਦਾਇਤ ਵੀ ਕੀਤੀ। ਜਦੋਂਕਿ ਇਕ ਲੁਟੇਰਾ ਕਾਂਊਟਰ ’ਤੇ ਗਿਆ ਅਤੇ ਦਰਾਜ਼ ਖੋਲ੍ਹ ਕੇ ਉਸ ਵਿੱਚੋਂ 15 ਹਜਾਰ ਦੇ ਕਰੀਬ ਨਕਦੀ ਕੱਢਲਈ। ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਤਿੰਨੇ ਨਕਾਬਪੋਸ਼ ਲੁਟੇਰੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਏ। ਲੁਟੇਰਿਆਂ ਵੱਲੋਂ ਕੀਤੀ ਗਈ ਵਾਰਦਾਤ ਦੀ ਸਾਰੀ ਘਟਨਾ ਕੈਫੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਗਈ ਹੈ। ਦੂਜੇ ਪਾਸੇ ਭੀੜ ਭੜੱਕੇ ਵਾਲੇ ਬਜ਼ਾਰ ਵਿਚ ਵਾਪਰੀ ਇਸ ਘਟਨਾ ਨੂੰ ਲੋਕਾਂ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਿਉਂਕਿ ਲੁਟੇਰੇ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਉਨ੍ਹਾਂ ਕੋਲ ਵੱਡੀ ਪੱਧਰ ’ਤੇ ਮਾਰੂ ਹਥਿਆਰਾਂ ਦਾ ਹੋਣਾ ਗਹਿਰੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਜਦੋਂ ਥਾਣਾ ਝਬਾਲ ਦੇ ਮੁਖੀ ਸਬ ਇੰਸਪੈਕਟਰ ਰਣਜੀਤ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।