ਘਰ ’ਚੋਂ ਪਿਸਤੋਲ ਦੀ ਨੋਕ ’ਤੇ ਨਕਦੀ ਤੇ ਗਹਿਣੇ ਲੁੱਟੇ
ਦੇਰ ਸ਼ਾਮ ਭਿੱਖੀਵਿੰਡ ਦੇ ਇਕ ਘਰ ’ਚੋਂ ਪਿਸਤੋਲ ਦੀ ਨੋਕ ’ਤੇ ਨਕਦੀ ਤੇ ਗਹਿਣੇ ਲੁੱਟੇ
Publish Date: Sat, 15 Nov 2025 09:48 PM (IST)
Updated Date: Sun, 16 Nov 2025 04:05 AM (IST)

4 ਸਾਲਾ ਬੱਚੀ ਦੇ ਸਿਰ ’ਤੇ ਪਿਸਤੋਲ ਤਾਣ ਕੇ ਦਿੱਤਾ ਵਾਰਦਾਤ ਨੂੰ ਅੰਜ਼ਾਮ ਰਾਜਨ ਚੋਪੜਾ•, ਪੰਜਾਬੀ ਜਾਗਰਣ, ਭਿੱਖੀਵਿੰਡ ਨਕਾਬਪੋਸ਼ਾਂ ਕਸਬਾ ਭਿੱਖੀਵਿੰਡ ਦੇ ਪਹੂਵਿੰਡ ਰੋਡ ’ਤੇ ਸ਼ਨਿੱਚਰਵਾਰ ਦੇਰ ਸ਼ਾਮ ਇਕ ਘਰ ਵਿਚ ਦਾਖਲ ਹੋਏ ਦੋ ਨਕਾਬਪੋਸ਼ਾਂ ਵੱਲੋਂ ਪਿਸਤੋਲ ਤੇ ਦਾਤਰ ਦੀ ਨੋਕ ’ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੀਆਂ ਤਸਵੀਰਾਂ ਗਲੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋਈਆਂ ਹਨ। ਜਦੋਂਕਿ ਪੁਲਿਸ ਨੇ ਉਕਤ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਹੂਵਿੰਡ ਰੋਡ ’ਤੇ ਰਹਿੰਦੇ ਰਿਸ਼ੀ ਕੱਕੜ ਜੋ ਕਾਸਮੈਟਿਕ ਦਾ ਕੰਮ ਕਰਦੇ ਹਨ, ਦੇ ਘਰ ਦੋ ਨਕਾਬਪੋਸ਼ ਵਿਅਕਤੀ ਸ਼ਨਿਚਰਵਾਰ ਦੇਰ ਸ਼ਾਮ ਦਾਖਲ ਹੋਏ ਅਤੇ ਉਸਦੀ ਚਾਰ ਸਾਲਾ ਲੜਕੀ ਦੇ ਸਿਰ ’ਤੇ ਪਿਸਤੋਲ ਰੱਖ ਕੇ ਉਸਦੀ ਪਤਨੀ ਨੰਦਨੀ ਕੋਲੋਂ ਨਕਦੀ ਅਤੇ ਸਮਾਨ ਦੀ ਮੰਗ ਕਰਨ ਲੱਗੇ। ਕੁੜੀ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਇਕ ਲੁਟੇਰਾ ਨੰਦਨੀ ਨੂੰ ਦੂਸਰੇ ਕਮਰੇ ਵਿਚ ਲੈ ਗਿਆ ਤੇ ਅਲਮਾਰੀ ਖੋਲ੍ਹਣ ਲਈ ਕਿਹਾ। ਨੰਦਨੀ ਨੇ ਸਲਫ ਉੱਪਰ ਪਏ ਚਾਰ ਹਜਾਰ ਰੁਪਏ ਲੁਟੇਰਿਆਂ ਨੂੰ ਸੌਂਪ ਦਿੱਤੇ ਅਤੇ ਅਲਮਾਰੀ ਦੀ ਚਾਬੀ ਕੋਲ ਨਾ ਹੋਣ ਕਰ ਕੇ ਖੋਲ੍ਹਣ ਤੋਂ ਮਨਾ ਕਰ ਦਿੱਤਾ ਪਰ ਲੁਟੇਰਿਆ ਨੇ ਅਲਮਾਰੀ ਦਾ ਜਿੰਦਰਾ ਤੋੜ ਦਿੱਤਾ ਅਤੇ ਉਸ ਵਿੱਚ ਰੱਖੀ ਕਰੀਬ ਡੇਢ ਲੱਖ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਕੱਢ ਕੇ ਮੋਟਰਸਾਈਕਲ ਉੱਪਰ ਫਰਾਰ ਹੋ ਗਏ। ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੀਆਂ ਘਰ ਅੰਦਰ ਦਾਖਲ ਹੋਣ ਅਤੇ ਬਾਹਰ ਨਿਕਲਣ ਦੀਆਂ ਤਸਵੀਰਾਂ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈਆਂ ਹਨ। ਦੂਜੇ ਪਾਸੇ ਉਕਤ ਵਾਰਦਾਤ ਦੇ ਚੱਲਦਿਆਂ ਕਸਬੇ ਦੇ ਇਸ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੁੱਟ ਦਾ ਸ਼ਿਕਾਰ ਹੋਏ ਪਰਿਵਾਰ ਦੀ ਔਰਤ ਤੇ ਬੱਚੇ ਵੀ ਸਹਿਮੇ ਹੋਏ ਹਨ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ਼ ਵਾਚੀ ਜਾ ਰਹੀ ਹੈ ਅਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਬਿਆਨ ਕਲਮਬੰਦ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।