ਗਿੱਲ ਦੀ ਗ੍ਰਿਫ਼ਤਾਰੀ ਸਰਕਾਰ ਦੀ ਬਦਲਾਖੋਰ ਰਾਜਨੀਤੀ ਦਾ ਸਿਖਰ : ਬ੍ਰਹਮਪੁਰਾ
ਨਛੱਤਰ ਗਿੱਲ ਦੀ ਗ੍ਰਿਫ਼ਤਾਰੀ ਆਪ ਸਰਕਾਰ ਦੀ ਬਦਲਾਖੋਰ ਰਾਜਨੀਤੀ ਦਾ ਸਿਖਰ - ਬ੍ਰਹਮਪੁਰਾ
Publish Date: Sat, 15 Nov 2025 08:53 PM (IST)
Updated Date: Sun, 16 Nov 2025 04:05 AM (IST)

ਕਿਹਾ- ਜ਼ਿਮਨੀ ਚੋਣ ਦੌਰਾਨ ਹੋਈ ਧੱਕੇਸ਼ਾਹੀ ਦਾ ਪਰਦਾਫਾਸ਼ ਕਰਨ ਦੀ ਮਿਲੀ ਸਜ਼ਾ ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਹਲਕਾ ਖਡੂਰ ਸਾਹਿਬ ਦੇ ਇੰਚਾਰਜ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਦੀ ਗ੍ਰਿਫ਼ਤਾਰੀ ਨੂੰ ਆਪ ਸਰਕਾਰ ਦੀ ਸਿਆਸੀ ਬੁਖਲਾਹਟ ਅਤੇ ਸਭ ਤੋਂ ਘਟੀਆ ਹਰਕਤ ਕਰਾਰ ਦਿੱਤਾ ਹੈ। ਬ੍ਰਹਮਪੁਰਾ ਨੇ ਕਿਹਾ ਕਿ ਨਛੱਤਰ ਗਿੱਲ ਨੂੰ ਸਿਰਫ਼ ਇਸ ਲਈ ਨਿਸ਼ਾਨਾ ਬਣਾਇਆ ਗਿਆ ਹੈ ਕਿਉਂਕਿ ਉਨ੍ਹਾਂ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਐੱਸਐੱਸਪੀ ਦਫ਼ਤਰ ਅੱਗੇ ਪੁਲਿਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਅਤੇ ਪੱਖਪਾਤ ਨੂੰ ਦਲੇਰੀ ਨਾਲ ਸੋਸ਼ਲ ਮੀਡੀਆ ’ਤੇ ਬੇਨਕਾਬ ਕੀਤਾ ਸੀ। ਆਪ ਸਰਕਾਰ ਸੱਚ ਦੀ ਇਸ ਆਵਾਜ਼ ਤੋਂ ਬੁਰੀ ਤਰ੍ਹਾਂ ਡਰ ਗਈ ਹੈ ਅਤੇ ਹੁਣ ਗ੍ਰਹਿ ਵਿਭਾਗ ਦੀ ਦੁਰਵਰਤੋਂ ਕਰਕੇ ਬਦਲਾਖੋਰੀ ’ਤੇ ਉਤਰ ਆਈ ਹੈ। ਉਨ੍ਹਾਂ ਕਿਹਾ ਕਿ ਡੀਐੱਸਪੀ ਦੀ ਅਗਵਾਈ ਹੇਠ ਪੁਲਿਸ ਦੀਆਂ ਟੀਮਾਂ ਨੇ ਅੰਮ੍ਰਿਤਸਰ ਦੇ ਕੈਫੇ ’ਚੋਂ ਦੋਸਤਾਂ ਨਾਲ ਬੈਠਿਆਂ ਨਛੱਤਰ ਸਿੰਘ ਨੂੰ ਜ਼ਬਰਨ ਚੁੱਕਣਾ ਸਾਬਤ ਕਰਦਾ ਹੈ ਕਿ ਪੰਜਾਬ ਪੁਲਿਸ ਕਾਨੂੰਨ ਦੀ ਰਾਖੀ ਦੀ ਬਜਾਏ ਆਪ ਦੇ ਵਿੰਗ ਵਜੋਂ ਕੰਮ ਕਰ ਰਹੀ ਹੈ। ਪੁਲਿਸ ਵੱਲੋਂ ਕੈਫੇ ਦੇ ਡੀਵੀਆਰ ਨੂੰ ਵੀ ਕਥਿਤ ਤੌਰ ’ਤੇ ਜ਼ਬਤ ਕਰਨਾ ਸਬੂਤ ਮਿਟਾਉਣ ਅਤੇ ਆਪਣੀ ਗੈਰ ਕਾਨੂੰਨੀ ਕਾਰਵਾਈ ’ਤੇ ਪਰਦਾ ਪਾਉਣ ਦੀ ਸਿੱਧੀ ਕੋਸ਼ਿਸ਼ ਹੈ। ਬ੍ਰਹਮਪੁਰਾ ਨੇ ਕਿਹਾ ਕਿ ਅਸਲ ਵਿਚ ਆਪ ਸਰਕਾਰ, ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਲਗਾਤਾਰ ਵੱਧ ਰਹੇ ਗ੍ਰਾਫ ਤੋਂ ਪੂਰੀ ਤਰ੍ਹਾਂ ਵਾਕਫ਼ ਹੋ ਚੁੱਕੀ ਹੈ। ਭਗਵੰਤ ਮਾਨ ਅਤੇ ਉਨ੍ਹਾਂ ਦੀ ਦਿੱਲੀ ਵਾਲੀ ਲੀਡਰਸ਼ਿਪ ਨੂੰ ਹੁਣ ਇਹ ਪਤਾ ਲੱਗ ਚੁੱਕਾ ਹੈ ਕਿ ਪੰਜਾਬ ਦੇ ਲੋਕ ਇੰਨ੍ਹਾਂ ਤੋਂ ਅੱਕ ਚੁੱਕੇ ਹਨ ਅਤੇ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਜ਼ੋਰਦਾਰ ਗਠਨ ਹੋਵੇਗਾ ਜੋ ਪੰਜਾਬ ਦੀ ਭਲਾਈ ਲਈ ਵਚਨਬੱਧ ਹੈ। ਇਸੇ ਹਾਰ ਦੇ ਡਰ ਕਾਰਨ ਉਹ ਹੁਣ ਅਕਾਲੀ ਵਰਕਰਾਂ ’ਤੇ ਝੂਠੇ ਪਰਚੇ ਪਾਉਣ ਦੀ ਘਟੀਆ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਚਿਤਾਵਨੀ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਸਰਕਾਰੀ ਗੁੰਡਾਗਰਦੀ ਅਤੇ ਲੋਕਤੰਤਰ ਦੇ ਘਾਣ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਜੇਕਰ ਨਛੱਤਰ ਸਿੰਘ ਗਿੱਲ ਨੂੰ ਤੁਰੰਤ ਬਿਨਾ ਸ਼ਰਤ ਰਿਹਾਅ ਨਾ ਕੀਤਾ ਗਿਆ ਅਤੇ ਜਿੰਮੇਵਾਰ ਪੁਲਿਸ ਅਧਿਕਾਰੀਆਂ ’ਤੇ ਸਖ਼ਤ ਕਾਰਵਾਈ ਨਾ ਹੋਈ, ਤਾਂ ਆਪ ਸਰਕਾਰ ਇਸ ਸਰਕਾਰੀ ਜ਼ਬਰ ਖਿਲਾਫ਼ ਇਕ ਤਿੱਖੇ ਅਤੇ ਵੱਡੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ।