ਫਿਰੋਤੀ ਦੀ ਮੰਗ ਨੂੰ ਲੈ ਕੇ 2 ਅਣਪਛਾਤਿਆਂ ਇਮੀਗ੍ਰੇਸ਼ਨ ਸੈਂਟਰ ’ਤੇ ਕੀਤੀ ਫਾਇਰਿੰਗ
ਫਿਰੋਤੀ ਦੀ ਮੰਗ ਨੂੰ ਲੈ ਕੇ ਦੋ ਅਣਪਛਾਤਿਆਂ ਇਮੀਗ੍ਰੇਸ਼ਨ ਸੈਂਟਰ ’ਤੇ ਕੀਤੀ ਫਾਇਰਿੰਗ
Publish Date: Sat, 15 Nov 2025 08:51 PM (IST)
Updated Date: Sun, 16 Nov 2025 04:05 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ਦੇ ਬੱਸ ਅੱਡੇ ਕੋਲ ਸਥਿਤ ਇਕ ਇਮੀਗ੍ਰੇਸ਼ਨ ਸੈਂਟਰ ਉੱਪਰ ਬਾਈਕ ਸਵਾਰ 2 ਅਣਪਛਾਤਿਆਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀਆਂ ਚਲਾਉਣ ਦੀ ਘਟਨਾ ਸੀਸੀਟੀਵੀ ਕੈਮਰਿਆਂ ’ਚ ਵੀ ਕੈਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੈਂਟਰ ਦੇ ਸੰਚਾਲਕ ਨੂੰ ਕੁਝ ਸਮਾਂ ਪਹਿਲਾਂ 50 ਲੱਖ ਦੀ ਫਿਰੌਤੀ ਲਈ ਗੈਂਗਸਟਰ ਵੱਲੋਂ ਫੋਨ ਕੀਤਾ ਗਿਆ ਸੀ ਤੇ ਫਿਰੌਤੀ ਨਾ ਦੇਣ ਦੇ ਚੱਲਦਿਆਂ ਹੀ ਫਾਇਰਿੰਗ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਦੂਜੇ ਪਾਸੇ ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ਉੱਪਰ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸ. ਗੁਰਚਰਨ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਫੋਕਲ ਪੁਆਇੰਟ ਇਲਾਕੇ ’ਚ ਇਕ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਵੱਲੋਂ ਕੁਝ ਮਹੀਨੇ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰ ਕੇ ਇਲਾਕੇ ਦੇ ਇਕ ਗੈਂਗਸਟਰ ਦਾ ਭਰਾ ਦੱਸਦਿਆਂ ਉਸ ਕੋਲੋਂ 50 ਲੱਖ ਦੀ ਫਿਰੌਤੀ ਮੰਗੀ ਗਈ ਸੀ। ਉਕਤ ਸ਼ਿਕਾਇਤ ਦੀ ਜਾਂਚ ਚੱਲ ਰਹੀ ਸੀ ਪਰ ਇਸੇ ਦੌਰਾਨ ਲੰਘੀ ਸ਼ਾਮ ਮੋਟਰਸਾਈਕਲ ’ਤੇ ਆਏ 2 ਨਕਾਬਪੋਸ਼ਾਂ ਨੇ ਪਹਿਲਾਂ ਗੁਆਂਢੀਆਂ ਕੋਲੋਂ ਮਾਲਕ ਦੇ ਅੰਦਰ ਮੌਜੂਦ ਹੋਣ ਬਾਰੇ ਪੁੱਛਿਆ ਤੇ ਫਿਰ ਦੂਸਰੀ ਮੰਜ਼ਿਲ ’ਤੇ ਸਥਿਤ ਇਮੀਗ੍ਰੇਸ਼ਨ ਸੈਂਟਰ ਨੂੰ ਨਿਸ਼ਾਨਾ ਬਣਾਉਂਦੇ ਹੋਏ 2 ਫਾਇਰ ਕਰ ਕੇ ਫਰਾਰ ਹੋ ਗਏ। ਹਾਲਾਂਕਿ ਉਕਤ ਘਟਨਾ ਸੀਸੀਟੀਵੀ ਕੈਮਰਿਆਂ ’ਚ ਵੀ ਕੈਦ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸ. ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਪਹਿਲਾਂ ਤੋਂ ਹੀ ਚੱਲ ਰਹੀ ਹੈ ਤੇ ਹੁਣ ਜੋ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਉਸ ਸਬੰਧੀ ਸੈਂਟਰ ਸੰਚਾਲਕਾਂ ਦੇ ਬਿਆਨ ਲੈ ਕੇ ਕੇਸ ਦਰਜ ਕੀਤਾ ਜਾ ਰਿਹਾ ਹੈ।