ਆਪ੍ਰੇਸ਼ਨ ਗੈਂਗਸਟਰਾਂ ’ਤੇ ਵਾਰ ਦੇ ਪੰਜਵੇਂ ਦਿਨ 400 ਲੋਕਾਂ ਕੋਲੋਂ ਕੀਤੀ ਪੁੱਛਗਿੱਛ
ਪੰਜਵੇਂ ਦਿਨ 400 ਲੋਕਾਂ ਦੀ ਵੈਰੀਫਿਕੇਸ਼ਨ ਕੀਤੀ ਗਈ ਤਾਂ ਜੋ ਸੰਗਠਨ ਅਪਰਾਧ ਨਾਲ ਹੇਠਲੇ ਪੱਧਰ ਤੱਕ ਜੁੜੇ ਐਸੋਸੀਏਟਜ਼ ਤੱਕ ਪਹੁੰਚ ਕਰ ਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾ ਸਕੇ
Publish Date: Sat, 24 Jan 2026 06:45 PM (IST)
Updated Date: Sun, 25 Jan 2026 04:16 AM (IST)
ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਸਰਕਾਰ ਵੱਲੋਂ ਆਰੰਭ ਕੀਤੇ ਗਏ ਆਪ੍ਰੇਸ਼ਨ ਗੈਂਗਸਟਰਾਂ ’ਤੇ ਵਾਰ ਤਹਿਤ ਤਰਨਤਾਰਨ ਜ਼ਿਲ੍ਹੇ ’ਚ ਇਸ ਆਪ੍ਰੇਸ਼ਨ ਦੇ ਪੰਜਵੇਂ ਦਿਨ ਪੁਲਿਸ ਦੀਆਂ 250 ਟੀਮਾਂ ਨੇ 400 ਤੋਂ ਵੱਧ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਅਤੇ 20 ਨੂੰ ਹਿਰਾਸਤ ’ਚ ਵੀ ਲਿਆ। ਜਦੋਂਕਿ ਸ਼ੁੱਕਰਵਾਰ ਨੂੰ ਉਨ੍ਹਾਂ 800 ਲੋਕਾਂ ਤੱਕ ਪੁਲਿਸ ਟੀਮਾਂ ਨੇ ਪਹੁੰਚ ਕੀਤੀ ਸੀ, ਜੋ ਵੱਖ-ਵੱਖ ਥਾਵਾਂ ’ਤੇ ਕਿਰਾਏ ’ਤੇ ਰਹਿ ਰਹੇ ਸਨ, ਜਾਂ ਬਾਹਰੀ ਰਾਜਾਂ ਨਾਲ ਸਬੰਧਤ ਸਨ। ਇਸ ਸਾਰੇ ਆਪ੍ਰੇਸ਼ਨ ਦੌਰਾਨ 1350 ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸੰਗਠਨ ਅਪਰਾਧ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਆਪ੍ਰੇਸ਼ਨ ਗੈਂਗਸਟਰਾਂ ’ਤੇ ਵਾਰ ਤਹਿਤ ਤਰਨਤਾਰਨ ਜ਼ਿਲ੍ਹੇ ’ਚ ਲਗਾਤਾਰ ਤਲਾਸ਼ੀ ਮੁਹਿੰਮ ਚੱਲ ਰਹੀ ਹੈ ਤੇ ਅੱਜ ਪੰਜਵੇਂ ਦਿਨ 400 ਲੋਕਾਂ ਦੀ ਵੈਰੀਫਿਕੇਸ਼ਨ ਕੀਤੀ ਗਈ ਤਾਂ ਜੋ ਸੰਗਠਨ ਅਪਰਾਧ ਨਾਲ ਹੇਠਲੇ ਪੱਧਰ ਤੱਕ ਜੁੜੇ ਐਸੋਸੀਏਟਜ਼ ਤੱਕ ਪਹੁੰਚ ਕਰ ਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਪਰਾਧਿਕ ਸਿੰਡੀਕੇਟ ਨੂੰ ਤੋੜ ਰਹੀ ਹੈ ਤੇ ਜ਼ਿਲ੍ਹੇ ਨੂੰ ਗੈਂਗਸਟਰ ਮੁਕਤ ਕਰ ਕੇ ਹੀ ਸਾਹ ਲਿਆ ਜਾਵੇਗਾ।
ਇਸ ਮੌਕੇ ਐੱਸਪੀ ਹੈੱਡ ਕੁਆਰਟਰ ਸੁਖਮਿੰਦਰ ਸਿੰਘ, ਡੀਐੱਸਪੀ ਤਰਨਤਾਰਨ ਸੁਖਬੀਰ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ।
=====
ਜ਼ਿਲ੍ਹੇ ਦੇ 1350 ਤੋਂ ਵੱਧ ਪੁਲਿਸ ਮੁਲਾਜ਼ਮ ਮੁਹਿੰਮ ’ਚ ਤਾਇਨਾਤ
ਜ਼ਿਲ੍ਹੇ ਦੇ ਐੱਸਪੀਜ਼, ਡੀਐੱਸਪੀਜ਼ ਤੇ 16 ਥਾਣਿਆਂ ਦੇ ਮੁਖੀਆਂ ਦੀ ਅਗਵਾਈ ਹੇਠ 1350 ਤੋਂ ਵੱਧ ਪੁਲਿਸ ਮੁਲਾਜ਼ਮ ਇਸ ਕਾਰਜ ’ਚ ਲੱਗੇ ਹੋਏ ਹਨ ਤੇ ਹੁਣ ਤੱਕ ਸੈਂਕੜੇ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਸਲਾਖਾਂ ਪਿੱਛੇ ਭੇਜਿਆ ਜਾ ਚੁੱਕਾ ਹੈ। ਜਿਨ੍ਹਾਂ ਕੋਲੋਂ ਅਸਲਾ, ਨਸ਼ਾ ਤੇ ਡਰੱਗ ਮਨੀ ਆਦਿ ਵੀ ਬਰਾਮਦ ਹੋਈ ਹੈ।