14 ਸਾਲਾ ਗਰਗ ਨੇ ਬਣਾਇਆ ਵਿਸ਼ਵ ਰਿਕਾਰਡ
ਬਰਨਾਲਾ ਦੇ 14 ਸਾਲਾ ਹਿਮਾਂਕ ਗਰਗ ਨੇ ਬਣਾਇਆ ਵਿਸ਼ਵ ਰਿਕਾਰਡ, ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ
Publish Date: Wed, 04 Feb 2026 05:04 PM (IST)
Updated Date: Wed, 04 Feb 2026 05:08 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਬਰਨਾਲਾ ਦੇ ਵਸਨੀਕ 14 ਸਾਲਾ ਹੋਣਹਾਰ ਵਿਦਿਆਰਥੀ ਹਿਮਾਂਕ ਗਰਗ ਨੇ ਅੰਤਰਰਾਸ਼ਟਰੀ ਰਿਕਾਰਡ ਪੁਸਤਕ ’ਚ ਆਪਣਾ ਨਾਮ ਦਰਜ ਕਰਵਾ ਕੇ ਬਰਨਾਲਾ ਅਤੇ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮਾਣਮੱਤੀ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਹਿਮਾਂਕ ਗਰਗ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਹੋਰ ਵੀ ਵੱਡੀਆਂ ਮੱਲਾਂ ਮਾਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅਜਿਹੇ ਵਿਦਿਆਰਥੀ ਬਾਕੀਆਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਹਿਮਾਂਕ ਗਰਗ ਦੇ ਪਿਤਾ ਸੰਜੀਵ ਗਰਗ, ਮਾਤਾ ਰਿਤੂ, ਅਧਿਆਪਕ ਅਸ਼ੀਸ਼ ਸਿੰਗਲਾ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਬਰਨਾਲਾ ਦੇ ਹਿਮਾਂਕ ਨੇ ਵਿਸ਼ਵ ਰਿਕਾਰਡ ਬਣਾ ਕੇ ਸਿਰਫ਼ ਬਰਨਾਲਾ ਅਤੇ ਪੂਰੇ ਪੰਜਾਬ ਦਾ ਨਾਮ ਵਧਾਇਆ ਹੈ। ਹਿਮਾਂਕ ਗਰਗ ਨੇ ਸਿਰਫ਼ 43.05 ਸਕਿੰਟਾਂ ’ਚ ਚਾਰ ਅੰਕਾਂ ਨੂੰ ਦੋ ਅੰਕਾਂ ਨਾਲ ਭਾਗ ਦੇ 50 ਪ੍ਰਸ਼ਨ ਹੱਲ ਕਰ ਕੇ ਸਭ ਤੋਂ ਤੇਜ਼ ਹੱਲ ਕਰਨ ਦਾ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਹਿਮਾਂਕ ਗਰਗ ਨੂੰ ਪ੍ਰਸੰਸ਼ਾ ਪੱਤਰ ਨਾਲ ਸਨਮਾਨਿਤ ਕੀਤਾ। 14 ਸਾਲਾ ਹਿਮਾਂਕ ਗਰਗ ਵਾਈਐੱਸ ਸਕੂਲ ’ਚ 10ਵੀਂ ਦਾ ਵਿਦਿਆਰਥੀ ਹੈ ਅਤੇ ਨਾਲ ਐਬੇਕਸ (ਮੈਂਟਲ ਮੈਥ) ਦੀ ਕੋਚਿੰਗ ਲੈ ਰਿਹਾ ਹੈ। ਹਿਮਾਂਕ ਗਰਗ ਦਾ ਕਹਿਣਾ ਹੈ ਕਿ ਉਹ ਹੁਣ ਗਿੰਨੀਜ਼ ਵਿਸ਼ਵ ਰਿਕਾਰਡ ਲਈ ਤਿਆਰੀ ਕਰ ਰਿਹਾ ਹੈ।