ਵੈਟਰਨਰੀ ਡਾਕਟਰਾਂ ਨੇ ਦੂਜੇ ਦਿਨ ਵੀ ਸੇਵਾਵਾਂ ਰੱਖੀਆਂ ਠੱਪ
ਵੈਟਰਨਰੀ ਡਾਕਟਰਾਂ ਨੇ ਦੂਜੇ ਦਿਨ ਵੀ ਸੇਵਾਵਾਂ ਰੱਖੀਆਂ ਠੱਪ
Publish Date: Wed, 24 Dec 2025 06:02 PM (IST)
Updated Date: Wed, 24 Dec 2025 06:04 PM (IST)

ਸੰਗਰੂਰ : ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਦੇ ਸੱਦੇ ’ਤੇ ਜ਼ਿਲ੍ਹਾ ਸੰਗਰੂਰ ਦੇ ਵੈਟਰਨਰੀ ਡਾਕਟਰਾਂ ਵੱਲੋਂ ਬੁੱਧਵਾਰ ਨੂੰ ਵੀ ਪਸ਼ੂ ਪਾਲਣ ਵਿਭਾਗ ਦੀਆਂ ਸਾਰੀਆਂ ਵੈਟਰਨਰੀ ਸੇਵਾਵਾਂ ਨੂੰ ਠੱਪ ਰੱਖਿਆ ਗਿਆ। ਜ਼ਿਲ੍ਹੇ ਵਿੱਚ ਓਪੀਡੀ ਸਮੇਤ, ਮੈਡੀਸਿਨ, ਸਰਜਰੀ, ਗਾਇਨੀ ਅਤੇ ਓਬਟੇਟ੍ਰਿਕਸ, ਲਬੌਰਟਰੀਜ਼ ਟੈਸਟ ਆਦਿ ਸਾਰੀਆਂ ਵੈਟਰਨਰੀ ਸੇਵਾਵਾਂ ਠੱਪ ਰਹੀਆਂ। ਜ਼ਿਕਰਯੋਗ ਹੈ ਕਿ ਵੈਟਰਨਰੀ ਡਾਕਟਰਾਂ ਦੀ ਪੇਅ ਪੈਰਿਟੀ ਮੈਡੀਕਲ ਡਾਕਟਰਾਂ ਨਾਲ 1977 ਤੋਂ ਲੈਕੇ 42 ਸਾਲ ਤੱਕ ਚੱਲੀ, ਇਸਦੇ ਨਾਲ ਹੀ ਡੀਏਸੀਪੀ (ਡਾਇਨਾਮਿਕ ਅਸੋ਼ਰਡ ਕੈਰੀਅਰ ਪ੍ਰੋਗਰੈਸ਼ਨ) 4-9-14 ਸਕੀਮ ਵੈਟਰਨਰੀ ਡਾਕਟਰਾਂ ਨੂੰ ਮੈਡੀਕਲ ਡਾਕਟਰਾਂ ਦੀ ਤਰ੍ਹਾਂ ਹੀ ਲਗਾਤਾਰ ਮਿਲਦੀ ਰਹੀ ਪਰ 2021 ਵਿੱਚ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਆਫ ਇੰਡੀਆ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਭੰਗ ਕਰ ਦਿੱਤੀ। ਸਰਕਾਰ ਸਰਵਿਸ ਰੂਲਾਂ ਦੀ ਵੀ ਉਲੰਘਣਾ ਕਰ ਰਹੀ ਹੈ। ਬਰਾਬਰ ਕੁਆਲੀਫਿਕੇਸ਼ਨ-ਬਰਾਬਰ ਕੰਮ -ਬਰਾਬਰ ਤਨਖ਼ਾਹ ਦੇ ਸਿਧਾਂਤ ਨੂੰ ਵੀ ਅੱਖੋਂ ਪਰੋਖੇ ਕਰ ਰਹੀ ਹੈ। ਵੈਟਰਨਰੀ ਡਾਕਟਰ, ਮੈਡੀਕਲ ਡਾਕਟਰ, ਆਯੁਰਵੈਦਿਕ ਅਤੇ ਹੋਮੀਓਪੈਥਿਕ ਡਾਕਟਰਾਂ ਨੂੰ ਐੱਨਪੀਏ ਦੇਣ ਲਈ ਸਰਕਾਰ ਨੇ ਸਾਂਝਾ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਹੈ, ਪਰ ਵੈਟਰਨਰੀ ਡਾਕਟਰਾਂ ਨੂੰ ਐੱਚਆਰਏ ਆਨ ਐੱਨਪੀਏ ਨਹੀਂ ਦਿੱਤਾ ਜਾ ਰਿਹਾ, ਜੋ ਕਿ ਸਰਾਸਰ ਮਤਰੇਈ ਮਾਂ ਵਾਲਾ ਸਲੂਕ ਹੈ। ਵੈਟਰਨਰੀ ਸੇਵਾਵਾਂ ਸਪੈਸ਼ਲ ਸਰਵਿਸਿਜ਼ ਹੋਣ ਕਾਰਨ ਹੋਰ ਕੋਈ ਡਾਕਟਰ ਵੈਟਰਨਰੀ ਸੇਵਾਵਾਂ ਪ੍ਰਦਾਨ ਨਹੀਂ ਕਰ ਸਕਦਾ। ਇਸ ਲਈ ਵੈਟਰਨਰੀ ਅਫਸਰਾਂ ਨੂੰ ਪ੍ਰੋਬੇਸ਼ਨ ਦੌਰਾਨ ਪੂਰੀ ਤਨਖਾਹ ਮਿਲਣੀ ਚਾਹੀਦੀ ਹੈ ਪਰ ਮੌਜੂਦਾ ਸਰਕਾਰ ਲਗਾਤਾਰ ਲਾਰੇ ਲਗਾਉਂਦੀ ਆ ਰਹੀ ਹੈ।
ਇਸ ਮੌਕੇ ਡਾ. ਮੁਕੇਸ਼ ਗੁਪਤਾ, ਡਾ. ਵਿਕਰਮ ਕਪੂਰ, ਡਾ. ਪ੍ਰਭਜੋਤ ਸਿੰਘ, ਡਾ. ਸਾਗਰ ਰੰਜਨ, ਡਾ. ਖੁਸ਼ਵਿੰਦਰ ਸਿੰਘ, ਡਾ. ਜਗਦੇਵ ਸਿੰਘ,ਡਾ. ਸੰਜੇ, ਡਾ. ਨਵਰੀਤ ਸਿੰਘ, ਡਾ. ਗੁਰਦੀਪ ਸਿੰਘ ਨੇ ਅਪੀਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਨ੍ਹਾਂ ਦੀਆਂ ਮੰਗਾਂ ਵੱਲ ਨਿੱਜੀ ਪੱਧਰ ਤੇ ਦਖਲ ਦੇ ਕੇ ਪਹਿਲ ਦੇ ਆਧਾਰ ’ਤੇ ਪਿਛਲੀ ਸਰਕਾਰ ਵੱਲੋਂ ਵੈਟਰਨਰੀ ਡਾਕਟਰਾਂ ਨਾਲ ਕੀਤੀਆਂ ਵਧੀਕੀਆਂ ਨੂੰ ਤੁਰੰਤ ਦਰੁਸਤ ਕਰਨਾ ਚਾਹੀਦਾ ਹੈ ਅਤੇ 1977 ਤੋਂ ਲੈਕੇ 42 ਸਾਲ ਤਕ ਚੱਲੀ ਪੇਅ ਪੈਰਿਟੀ ਨੂੰ ਤੁਰੰਤ ਬਹਾਲ ਕਰ ਕੇ ਵੈਟਰਨਰੀ ਡਾਕਟਰਾਂ ਦੀਆਂ ਸਾਰੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਨ ਲਈ ਪਸ਼ੂ ਪਾਲਣ ਵਿਭਾਗ ਨੂੰ ਹੁਕਮ ਜਾਰੀ ਕਰਨੇ ਚਾਹੀਦੇ ਹਨ।