ਕੱਚੇ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਕੀਤਾ ਬੱਸਾਂ ਦਾ ਚੱਕ ਜਾਮ
ਮੰਗਾਂ ਨੂੰ ਲੈ ਕੇ ਕੱਚੇ ਮੁਲਾਜ਼ਮਾਂ ਨੇ ਕੀਤਾ ਬੱਸਾਂ ਦਾ ਚੱਕ ਜਾਮ
Publish Date: Wed, 11 Feb 2026 06:24 PM (IST)
Updated Date: Wed, 11 Feb 2026 06:26 PM (IST)

- ਅੱਜ ਕਰਨਗੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਜਸਵੀਰ ਸਿੰਘ, ਪੰਜਾਬੀ ਜਾਗਰਣ ਸੰਗਰੂਰ : ਆਪਣੀਆਂ ਮੰਗਾਂ ਨੂੰ ਲੈ ਕੇ ਪੀਆਰਟੀਸੀ/ਪਨਬਸ ਦੇ ਕੱਚੇ ਮੁਲਾਜ਼ਮਾਂ ਨੇ ਬੁੱਧਵਾਰ ਨੂੰ ਬੱਸਾਂ ਦਾ ਚੱਕਾ ਜਾਮ ਕਰਦਿਆਂ ਬੱਸ ਸਟੈਂਡ ਵਿੱਚ ਧਰਨਾ ਲਾ ਕੇ ਪੰਜਾਬ ਸਰਕਾਰ ਅਤੇ ਪੀਆਰਟੀਸੀ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਚੱਕਾ ਜਾਮ ਦੌਰਾਨ ਯਾਤਰੀਆਂ ਨੂੰ ਪਰੇਸ਼ਾਨੀ ਝੱਲਣੀ ਪਈ ਅਤੇ ਉਹ ਬੱਸਾਂ ਦੀ ਭਾਲ ਕਰਦੇ ਵੇਖੇ ਗਏ। ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ 12 ਫਰਵਰੀ ਨੂੰ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਧਰਨਾ ਦੇਣਗੇ। ਇਸ ਮੌਕੇ ਯੂਨੀਅਨ ਦੇ ਸਤਵਿੰਦਰ ਸਿੰਘ ਨੇ ਦੱਸਿਆ ਕਿ ਲੰਘੀ 28 ਨਵੰਬਰ 2025 ਨੂੰ ਸੰਗਰੂਰ ਵਿਖੇ ਕੱਚੇ ਕਾਮਿਆਂ ਦੇ ਧਰਨੇ ਦੌਰਾਨ ਪ੍ਰਦਰਸਨਕਾਰੀਆਂ ਵੱਲੋਂ ਆਪਣੇ ਉੱਪਰ ਪੈਟਰੋਲ ਛਿੜਕ ਕੇ ਲਾਈ ਗਈ ਸੀ ਅੱਗ, ਜਿਸ ਵਿੱਚ ਇੱਕ ਪੁਲਿਸ ਮੁਲਾਜਮ ਨੂੰ ਵੀ ਅੱਗ ਲੱਗ ਗਈ ਸੀ, ਜਿਸ ਉਪਰੰਤ ਪੁਲਿਸ ਨੇ 10 ਪ੍ਰਦਰਸ਼ਨਕਾਰੀਆਂ ਦੇ ਉੱਪਰ ਇਰਾਦਾ ਕਤਲ ਦੇ ਮਾਮਲੇ ਨਾਲ ਜੇਲ ਵਿੱਚ ਬੰਦ ਕਰ ਦਿੱਤਾ ਸੀ। ਉਦੋਂ ਤੋਂ ਹੀ ਆਪਣੇ ਸਾਥੀਆਂ ਦੀ ਰਿਹਾਈ ਨੂੰ ਲੈ ਕੇ ਇਹ ਲਗਾਤਾਰ ਧਰਨੇ ਲਾ ਰਹੇ ਹਨ। ਹੁਣ ਕੱਚੇ ਕਾਮਿਆਂ ਨੇ ਕਿਹਾ ਕਿ ਜਦੋਂ ਤਕ ਸਾਡੇ ਸਾਥੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਦੇ ਕੱਚੇ ਕਾਮੇ ਨਿਗੂਣੀਆਂ ਤਨਖਾਹਾਂ ਨਾਲ ਡਿਊਟੀਆਂ ਕਰ ਰਹੇ ਹਨ ਪਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਟਰਾਂਸਪੋਰਟ ਮਹਿਕਮੇ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ। ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਸਰਕਾਰ ਨਵੀਆਂ ਬੱਸਾਂ ਪਾ ਕੇ ਬੇਰੁਜ਼ਗਾਰਾਂ ਨੂੰ ਪੱਕਾ ਰੁਜ਼ਗਾਰ ਦੇਵੇ। ਚੱਕਾ ਜਾਮ ਦੌਰਾਨ ਬੱਸ ਸਟੈਂਡ ਵਿੱਚ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਧੂਰੀ, ਮਾਲੇਰਕੋਟਲਾ, ਬਰਨਾਲਾ, ਲੌਂਗੋਵਾਲ ਜਾਣਾ ਸੀ ਪਰ ਲੰਮੇ ਸਮੇਂ ਤੋਂ ਕੋਈ ਬੱਸ ਨਾ ਆਉਣ ਕਾਰਨ ਉਹ ਕਾਫ਼ੀ ਪਰੇਸ਼ਾਨ ਹਨ।