ਡੀਸੀ ਦਫ਼ਤਰ ਅੱਗੇ ਬੇਰੁਜ਼ਗਾਰਾਂ ਦਾ ਪੱਕਾ ਮੋਰਚਾ ਜਾਰੀ
ਬੇਰੁਜਗਾਰਾਂ ਨੇ ਪ੍ਰਚਾਰ ਕਰਦਿਆਂ ਸਹਾਇਤਾ ਫੰਡ ਮੰਗਿਆ
Publish Date: Wed, 07 Jan 2026 05:52 PM (IST)
Updated Date: Wed, 07 Jan 2026 05:54 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਬੇਰੁਜ਼ਗਾਰਾਂ ਨੇ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਚੱਲਦੇ ਪੱਕੇ ਮੋਰਚੇ ਦੇ 14ਵੇਂ ਦਿਨ ਸਥਾਨਕ ਬਾਜ਼ਾਰ ਅਤੇ ਬਰਨਾਲਾ ਕੈਂਚੀਆਂ ਤਕ ਪ੍ਰਚਾਰ ਕਰਦੇ ਹੋਏ ਸੰਘਰਸ਼ੀ ਫੰਡ ਮੰਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਹਰਜਿੰਦਰ ਝੁਨੀਰ ਅਤੇ ਅਮਨ ਸੇਖਾ ਨੇ ਦੱਸਿਆ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਖਾਮੋਸ਼ੀ ਧਾਰੀ ਬੈਠੀ ਹੈ। ਪੱਕਾ ਮੋਰਚਾ ਪਿਛਲੇ 14 ਦਿਨਾਂ ਤੋਂ ਜਾਰੀ ਹੈ। ਪਰ ਦੁੱਖ ਦੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲੇ ਤਕ ਬੇਰੁਜ਼ਗਾਰਾਂ ਦੀ ਸਾਰ ਨਹੀਂ ਲਈ, ਜਿਹੜੇ ਕਿ ਅੱਤ ਦੀ ਸਰਦੀ ਵਿੱਚ ਭੁੰਜੇ ਮੋਰਚਾ ਲਾ ਕੇ ਬੈਠੇ ਹੋਏ ਹਨ। ਬੇਰੁਜ਼ਗਾਰਾਂ ਨੇ ਦੁਕਾਨਾਂ ਉੱਤੇ ਜਾ ਕੇ ਆਪਣੇ ਸੰਘਰਸ਼ ਲਈ ਫੰਡ ਸਹਾਇਤਾ ਦੀ ਮੰਗ ਕਰਦਿਆਂ 11 ਜਨਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਰੁਜ਼ਗਾਰ ਦੀ ਲੋਹੜੀ ਮੰਗਣ ਮੌਕੇ ਸਹਿਯੋਗ ਦੀ ਅਪੀਲ ਕੀਤੀ। ਬਾਜ਼ਾਰ ਵਿੱਚੋਂ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਯਥਾਸ਼ਕਤ ਫੰਡ ਸਹਾਇਤਾ ਕੀਤੀ। ਇਸ ਮੌਕੇ ਅਵਤਾਰ ਸਿੰਘ ਭੁੱਲਰਹੇੜੀ, ਮਨਦੀਪ ਸਿੰਘ ਭੱਦਲਵੱਢ, ਜਸਸੀਰ ਸਿੰਘ ਉੱਪਲੀ, ਮਨਜੀਤ ਸਿੰਘ ਉਪਲੀ, ਮਨਪ੍ਰੀਤ ਸਿੰਘ ਭਰੂਰ, ਮਨਜੀਤ ਕੌਰ, ਰਾਜਵੀਰ ਕੌਰ, ਅਮਨਦੀਪ ਕੌਰ, ਭੁਪਿੰਦਰ ਸਿੰਘ ਭਵਾਨੀਗੜ੍ਹ ਹਾਜ਼ਰ ਸਨ।