ਕੈਂਸਰ ਨੂੰ ਹਰਾਉਣ ਲਈ ਸਮੇਂ ਸਿਰ ਜਾਗਰੂਕਤਾ ਜ਼ਰੂਰੀ : ਸਿਵਲ ਸਰਜਨ
ਕੈਂਸਰ ਦੀ ਬਿਮਾਰੀ ਨੂੰ ਹਰਾਉਣ ਲਈ ਸਮੇਂ ਸਿਰ ਜਾਗਰੂਕਤਾ ਜ਼ਰੂਰੀ: ਸਿਵਲ ਸਰਜਨ
Publish Date: Wed, 04 Feb 2026 04:05 PM (IST)
Updated Date: Wed, 04 Feb 2026 04:08 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਿਹਤ ਵਿਭਾਗ ਵੱਲੋਂ ਹਰ ਸਾਲ 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਕੈਂਸਰ ਦੀ ਰੋਕਥਾਮ, ਜਲਦੀ ਪਤਾ ਲਗਾਉਣ ਅਤੇ ਇਸ ਦੇ ਇਲਾਜ ਬਾਰੇ ਜਾਗਰੂਕ ਕਰਨਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੇਕਰ ਕੈਂਸਰ ਦੀ ਬਿਮਾਰੀ ਦਾ ਮੁਢਲੀ ਸਟੇਜ ਚ ਪਤਾ ਲਗਾ ਲਿਆ ਜਾਵੇ ਤਾਂ ਮਰੀਜ਼ ਪੂਰਨ ਇਲਾਜ ਤੋਂ ਬਾਅਦ ਤੰਦਰੁਸਤ ਜ਼ਿੰਦਗੀ ਬਤੀਤ ਕਰ ਸਕਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਇੰਦੂ ਬਾਂਸਲ ਅਤੇ ਮੈਡੀਸਨ ਮਾਹਿਰ ਸਿਵਲ ਹਸਪਤਾਲ ਬਰਨਾਲਾ ਡਾ. ਦੀਪਲੇਖ ਸਿੰਘ ਬਾਜਵਾ ਨੇ ਦੱਸਿਆ ਕਿ ਕੈਂਸਰ ਸਰੀਰ ਦੇ ਕਿਸੇ ਹਿੱਸੇ ਜਾਂ ਅੰਗ ਚ ਸੈੱਲਾਂ ਦੀ ਅਸਧਾਰਨ ਇਕੱਤਰਤਾ ਹੈ ਜੋ ਹੌਲੀ-ਹੌਲੀ ਕੈਂਸਰ ਦਾ ਰੂਪ ਧਾਰ ਲੈਂਦੀ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ’ਚ ਜ਼ਿਆਦਾਤਰ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਤੇ ਛਾਤੀ ਦਾ ਕੈਂਸਰ ਹੁੰਦਾ ਹੈ ਅਤੇ ਆਮ ਲੋਕਾਂ ਚ ਮੂੰਹ ਦਾ ਕੈਂਸਰ, ਫੇਫੜਿਆਂ ਦਾ ਕੈਂਸਰ, ਪੇਟ ਅਤੇ ਜਿਗਰ ਦਾ ਕੈਂਸਰ ਆਮ ਪਾਇਆ ਜਾਂਦਾ ਹੈ। ਕੈਂਸਰ ਦੇ ਆਮ ਲੱਛਣ ਛਾਤੀ ਚ ਗਿਲਟੀ, ਮੂੰਹ ਵਿੱਚ ਨਾ ਠੀਕ ਹੋਣ ਵਾਲੇ ਛਾਲੇ, ਕਮਜ਼ੋਰੀ, ਅਵਾਜ਼ ਦਾ ਭਾਰਾਪਣ, ਪਾਚਣ ਅਤੇ ਪਖਾਨਾ ਕਿਰਿਆ ਚ ਬਦਲਾਅ ਆਦਿ ਹੁੰਦੇ ਹਨ ਅਤੇ ਜ਼ਿਆਦਾ ਮਰੀਜ਼ਾਂ ਚ ਮੈਡੀਕਲ ਟੈਸਟਾਂ ਜਾਂ ਡਾਕਟਰੀ ਚੈੱਕਅੱਪ ਤੋਂ ਹੀ ਇਸ ਬਿਮਾਰੀ ਬਾਰੇ ਪਤਾ ਲੱਗਦਾ ਹੈ। ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ, ਹਰਜੀਤ ਸਿੰਘ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਨੇ ਦੱਸਿਆ ਕਿ ਭਾਰਤ ਚ ਹਰ ਸਾਲ ਲੱਖਾਂ ਮਰੀਜ਼ ਕੈਂਸਰ ਦੀ ਜਲਦੀ ਪਹਿਚਾਣ ਨਾ ਹੋਣ ਕਾਰਨ ਆਪਣੀ ਜਾਨ ਗੁਆ ਲੈਂਦੇ ਹਨ। ਆਮ ਤੌਰ ਤੇ ਕੈਂਸਰ ਤੰਬਾਕੂ ਪਦਾਰਥਾਂ ਦਾ ਸੇਵਨ, ਖਾਣ ਵਾਲੀਆਂ ਵਸਤਾਂ ਤੇ ਰੇਅ-ਸਪਰੇਅ, 2-3 ਵਾਰ ਤੋਂ ਜਿਆਦਾ ਤੇਲ ਚ ਤਲੇ ਹੋਏ ਭੋਜਨ ਪਦਾਰਥ ਅਤੇ ਸਾਡੇ ਖਾਣ -ਪੀਣ ਦਾ ਵਿਗੜ ਰਿਹਾ ਢੰਗ ਤਰੀਕਾ ਇਸ ਬਿਮਾਰੀ ਦਾ ਕਾਰਣ ਬਣਦਾ ਹੈ। ਕੈਂਸਰ ਤੋਂ ਬਚਾਅ ਲਈ ਸੰਤੁਲਿਤ ਭੋਜਨ ਦਾ ਸੇਵਨ ਕੀਤਾ ਜਾਵੇ, ਤੰਬਾਕੂ ਪਦਾਰਥਾਂ ਅਤੇ ਹੋਰ ਨਸ਼ਿਆਂ ਦਾ ਸੇਵਨ ਨਾ ਕੀਤਾ ਜਾਵੇ ਅਤੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਰਸੌਲੀ ਜਾਂ ਗਿਲਟੀ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਕਰਾਉਣਾ ਚਾਹੀਦਾ ਹੈ। ਇਸ ਲਈ ਲੋੜ ਹੈ ਕੈਂਸਰ ਬਾਰੇ ਜਾਗਰੂਕ ਹੋਣ ਦੀ ਨਾ ਕਿ ਡਰਨ ਦੀ। ਸਮੇਂ ਸਿਰ ਪਤਾ ਲਗਾ ਕੇ ਇਸ ਦਾ ਇਲਾਜ ਸੰਭਵ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੈਂਸਰ ਦਾ ਮਰੀਜ਼ 10 ਲੱਖ ਰੁਪਏ ਤਕ ਮੁਫ਼ਤ ਇਲਾਜ ਕਰਵਾ ਸਕਦਾ ਹੈ।