ਨਸ਼ੀਲੇ ਪਦਾਰਥ ਨਾਲ ਬੇਹੋਸ਼ ਕਰ ਕੇ ਮੱਝਾਂ ਦੇ ਵਪਾਰੀ ਤੋਂ 2 ਮੱਝਾਂ ਚੋਰੀ
ਨਸ਼ੀਲਾ ਪਦਾਰਥ ਨਾਲ ਬੇਹੋਸ਼ ਕਰਕੇ ਮੱਝਾਂ ਦੇ ਵਪਾਰੀ ਤੋਂ 2 ਮੱਝਾਂ ਚੋਰੀ
Publish Date: Wed, 21 Jan 2026 05:22 PM (IST)
Updated Date: Wed, 21 Jan 2026 05:24 PM (IST)
- ਤਪਾ ਮੰਡੀ ਇਲਾਕੇ ’ਚ ਲੁਟੇਰਿਆਂ ਦਾ ਕਹਿਰ ਜਾਰੀ
ਤਪਾ ਮੰਡੀ : ਪਿੰਡ ਮਹਿਤਾ ਵਿਖੇ ਮੱਝਾਂ ਦੇ ਵਪਾਰੀ ਨਾਲ ਹੋਈ ਵੱਡੀ ਚੋਰੀ ਦੀ ਵਾਰਦਾਤ ਨੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਅਣਪਛਾਤੇ ਚੋਰਾਂ ਨੇ ਰਾਤ ਦੇ ਸਮੇਂ ਵਪਾਰੀ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਬੇਹੋਸ਼ ਕਰ ਦਿੱਤਾ ਅਤੇ ਪਸ਼ੂ ਵਾੜੇ ’ਚ ਖੜ੍ਹੀਆਂ ਦੋ ਕੀਮਤੀ ਮੱਝਾਂ ਚੋਰੀ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ। ਚੋਰੀ ਹੋਈਆਂ ਮੱਝਾਂ ਦੀ ਕੀਮਤ ਲਗਭਗ ਦੋ ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਸਬੰਧੀ ਪੀੜਤ ਵਪਾਰੀ ਬਿਬਾਲ ਖ਼ਾਨ ਮੁਹੰਮਦ ਦੇ ਭਾਂਜੇ ਸੋਨੂੰ ਖ਼ਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿਛਲੇ ਕਰੀਬ ਦਸ ਸਾਲਾਂ ਤੋਂ ਮੱਝਾਂ ਦੇ ਵਪਾਰ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਰਾਤ ਵਪਾਰੀ ਆਪਣੇ ਪਸ਼ੂ ਬਾਰੇ ਦੇ ਅੰਦਰ ਹੀ ਸੌਂ ਰਿਹਾ ਸੀ। ਅੱਧੀ ਰਾਤ ਦੇ ਕਰੀਬ ਅਣਪਛਾਤੇ ਚੋਰ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ ਅਤੇ ਸੁੱਤੇ ਪਏ ਵਪਾਰੀ ਨੂੰ ਨਸ਼ੀਲਾ ਪਦਾਰਥ ਸੁੰਘਾ ਦਿੱਤਾ, ਜਿਸ ਕਾਰਨ ਉਹ ਬੇਸੁੱਧ ਹੋ ਗਿਆ। ਚੋਰਾਂ ਨੇ ਵਪਾਰੀ ਦੀ ਜੇਬ ’ਚ ਪਈਆਂ ਚਾਬੀਆਂ ਕੱਢ ਕੇ ਮੁੱਖ ਗੇਟ ਖੋਲ੍ਹਿਆ ਅਤੇ ਅੰਦਰ ਬਣੇ ਪਸ਼ੂ ਵਾੜੇ ’ਚ ਦਾਖ਼ਲ ਹੋ ਕੇ ਦੋ ਮੱਝਾਂ ਨੂੰ ਬਾਹਰ ਕੱਢ ਲਿਆ।
ਦੱਸਿਆ ਜਾ ਰਿਹਾ ਹੈ ਕਿ ਚੋਰ ਪਹਿਲਾਂ ਤੋਂ ਹੀ ਤਿਆਰੀ ਨਾਲ ਆਏ ਹੋਏ ਸਨ ਅਤੇ ਉਨ੍ਹਾਂ ਨੇ ਪਸ਼ੂਆਂ ਨੂੰ ਲਾਉਣ ਤੇ ਉਤਾਰਨ ਲਈ ਬਣੇ ਟੋਏ ’ਚ ਇੱਕ ਵਾਹਨ ਖੜ੍ਹਾ ਕੀਤਾ ਹੋਇਆ ਸੀ। ਚੋਰਾਂ ਨੇ ਮੱਝਾਂ ਨੂੰ ਉਸ ਵਾਹਨ ’ਚ ਲੱਦਿਆ ਅਤੇ ਬਿਨਾਂ ਕਿਸੇ ਰੁਕਾਵਟ ਦੇ ਮੌਕੇ ਤੋਂ ਫ਼ਰਾਰ ਹੋ ਗਏ। ਸਵੇਰੇ ਸਮੇਂ ਗੁਆਂਢੀਆਂ ਨੇ ਵੇਖਿਆ ਕਿ ਵਪਾਰੀ ਦਾ ਗੇਟ ਖੁੱਲ੍ਹਾ ਪਿਆ ਹੈ ਅਤੇ ਪਸ਼ੂ ਵਾੜੇ ’ਚ ਅਸਾਧਾਰਨ ਖ਼ਾਮੋਸ਼ੀ ਹੈ। ਸ਼ੱਕ ਹੋਣ ’ਤੇ ਜਦੋਂ ਗੁਆਂਢੀ ਅੰਦਰ ਗਏ ਤਾਂ ਉਨ੍ਹਾਂ ਨੇ ਵੇਖਿਆ ਕਿ ਵਪਾਰੀ ਬੇਹੋਸ਼ ਹਾਲਤ ’ਚ ਪਿਆ ਸੀ ਅਤੇ ਪਸ਼ੂ ਬਾਰੇ ਵਿੱਚੋਂ ਦੋ ਮੱਝਾਂ ਗਾਇਬ ਸਨ। ਇਸ ਉਪਰੰਤ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਥਾਣਾ ਮੁਖੀ ਸਰੀਫ਼ ਖ਼ਾਨ ਦੀ ਅਗਵਾਈ ’ਚ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਣਪਛਾਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ’ਚ ਡਰ ਦਾ ਮਾਹੌਲ ਹੈ ਅਤੇ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦੀ ਕਾਬੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਬਾਬੂ ਖਾਂ, ਸਮੀਰ ਖਾਂ, ਆਸ਼ੂ ਖਾਂ, ਨੂਰਾ ਖਾਂ ਆਦਿ ਹਾਜ਼ਰ ਸਨ।