ਅੱਜ ਸਵੇਰ ਸਮੇਂ ਅੰਦਰਲੀ ਗਊਸ਼ਾਲਾ ਨਜ਼ਦੀਕ ਵਾਪਰੇ ਰੂਹ ਕੰਬਾਊ ਸੜਕੀ ਹਾਦਸੇ 'ਚ ਇੱਕ ਸਕੂਲੀ ਬੱਚੇ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ, ਜਦ ਕਿ ਇਸ ਹਾਦਸੇ 'ਚ ਚਾਰ ਜਣੇ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਮੁੰਡੇ) ਤਪਾ ਦੇ ਤਿੰਨ ਵਿਦਿਆਰਥੀ ਬਲਕਰਨ ਸਿੰਘ, ਖੁਦਬਖਸ ਸਿੰਘ ਅਤੇ ਗੁਰਦੀਪ ਸਿੰਘ ਸਵੇਰੇ ਪੈਦਲ ਸਕੂਲ ਜਾ ਰਹੇ ਸਨ।

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ। ਅੱਜ ਸਵੇਰ ਸਮੇਂ ਅੰਦਰਲੀ ਗਊਸ਼ਾਲਾ ਨਜ਼ਦੀਕ ਵਾਪਰੇ ਰੂਹ ਕੰਬਾਊ ਸੜਕੀ ਹਾਦਸੇ 'ਚ ਇੱਕ ਸਕੂਲੀ ਬੱਚੇ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ, ਜਦ ਕਿ ਇਸ ਹਾਦਸੇ 'ਚ ਚਾਰ ਜਣੇ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਮੁੰਡੇ) ਤਪਾ ਦੇ ਤਿੰਨ ਵਿਦਿਆਰਥੀ ਬਲਕਰਨ ਸਿੰਘ, ਖੁਦਬਖਸ ਸਿੰਘ ਅਤੇ ਗੁਰਦੀਪ ਸਿੰਘ ਸਵੇਰੇ ਪੈਦਲ ਸਕੂਲ ਜਾ ਰਹੇ ਸਨ।
ਇਸ ਦੌਰਾਨ ਉਹਨਾਂ ਦਾ ਦੋਸਤ ਹਰਮਨਜੋਤ ਸਿੰਘ ਮੋਟਰਸਾਈਕਲ ‘ਤੇ ਕੋਲ ਦੀ ਲੰਘ ਰਿਹਾ ਸੀ ਨੇ ਉਹਨਾਂ ਤਿੰਨਾਂ ਜਣਿਆਂ ਨੂੰ ਸਕੂਲ ਛੱਡਣ ਲਈ ਆਪਣੇ ਮੋਟਰਸਾਈਕਲ ਤੇ ਬਿਠਾ ਲਿਆ। ਜਦੋਂ ਉਹ ਗਊਸ਼ਾਲਾ ਨਜਦੀਕ ਪੁੱਜੇ ਤਾਂ ਸੜਕ ਪਾਰ ਕਰ ਕਰ ਰਹੇ ਇੱਕ ਨੌਜਵਾਨ ਨੂੰ ਬਚਾਉਂਦੇ ਹੋਏ ਉਹਨਾਂ ਦੀ ਮੋਟਰਸਾਈਕਲ ਬੇਕਾਬੂ ਹੋ ਕਿ ਸਾਹਮਣੇ ਤੋਂ ਆ ਰਹੇ ਇੱਕ ਹੋਰ ਮੋਟਰਸਾਈਕਲ ਨਾਲ ਜਾ ਟਕਰਾਈ। ਜਿਸ ਕਾਰਨ ਇਸ ਹਾਦਸੇ 'ਚ ਮੋਟਰਸਾਈਕਲ ਤੇ ਸਵਾਰ ਚਾਰੋ ਬੱਚਿਆਂ ਸਮੇਤ ਪੈਦਲ ਜਾ ਰਿਹਾ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ।
ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ। ਇਸ ਹਾਦਸੇ 'ਚ ਜ਼ਖਮੀ ਹੋਏ ਸਕੂਲੀ ਬੱਚਿਆਂ ਨੂੰ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਦੇ ਪੰਡਿਤ ਅਰਵਿੰਦ ਸ਼ੁਕਲਾ ਸਮੇਤ ਕੁਝ ਹੋਰ ਸਮਾਜ ਸੇਵੀਆਂ ਅਤੇ ਮਿੰਨੀ ਸਹਾਰਾ ਕਲੱਬ ਦੀ ਐਬੂਲੈਂਸ ਜਰੀਏ ਚੁੱਕ ਕੇ ਸਿਵਲ ਹਸਪਤਾਲ ਤਪਾ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਜ਼ਖਮੀਆਂ ਦਾ ਇਲਾਜ ਸ਼ੁਰੂ ਕੀਤਾ ਗਿਆ ਪਰ ਗੁਰਬਖਸ਼ ਸਿੰਘ, ਜੋ ਪਲੱਸ ਵਨ ਦਾ ਵਿਦਿਆਰਥੀ ਸੀ, ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ ਤੇ ਬਾਕੀ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੇਖਦਿਆਂ ਵਿਚੋਂ ਇੱਕ ਨੂੰ ਬਾਹਰ ਰੈਫਰ ਕਰ ਦਿੱਤਾ।
ਇਸ ਦਰਦਨਾਕ ਘਟਨਾ ਦੀ ਖਬਰ ਮਿਲਦੇ ਹੀ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰ, ਸਕੂਲ ਦੇ ਵਿਦਿਆਰਥੀ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਹਸਪਤਾਲ ਵਿਚ ਪਹੁੰਚ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਦੇ ਲੋਕਾਂ ਨੇ ਇਸ ਹਾਦਸੇ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਪ੍ਰਸ਼ਾਸਨ ਤੋਂ ਸੜਕ ਸੁਰੱਖਿਆ ਦੇ ਪੱਕੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
ਪੁਲਿਸ ਹਾਦਸੇ ਦਾ ਪਤਾ ਕਰਨ ਲਈ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰੇ ਖੰਘਾਲਣੇ ਸ਼ੁਰੂ ਕਰ ਦਿੱਤੇ ਹਨ। ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਸੀ ਅਤੇ ਪੁਲਿਸ ਨੇ ਮਿ੍ਰਤਕ ਵਿਦਿਆਰਥੀ ਦੀ ਲਾਸ਼ ਮੋਰਚਰੀ ਰੂਮ ਬਰਨਾਲਾ ਵਿਖੇ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਹੈ।