ਘੱਗਰ ਕਿਨਾਰੇ ਵਸਦੇ ਲੋਕਾਂ ਵਿੱਚ ਘਾਤਕ ਬਿਮਾਰੀਆਂ ਜਿਵੇਂ ਕਿ ਕੈਂਸਰ ਅਤੇ ਕਾਲਾ ਪੀਲੀਆ ਤੇਜ਼ੀ ਨਾਲ ਫ਼ੈਲ ਰਿਹਾ ਹੈ। ਇਲਾਕੇ ਦੇ ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ ਲੋਕਾਂ ਨੇ ਇਸ ਮੁੱਦੇ ਨੂੰ ਲੈ ਕੇ ਕਈ ਵਾਰ ਆਵਾਜ਼ ਉਠਾਈ ਪਰ ਉਨ੍ਹਾਂ ਦੀ ਆਵਾਜ਼ ਕਿਸੇ ਵੀ ਸਿਆਸਤਦਾਨ ਜਾਂ ਪ੍ਰਸ਼ਾਸਨ ਦੇ ਕੰਨੀ ਪੈਂਦੀ ਦਿਖਾਈ ਨਹੀਂ ਦਿੰਦੀ।

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਘੱਗਰ ਵਿੱਚ ਆ ਰਹੇ ਜ਼ਹਿਰੀਲੇ ਪਾਣੀ ਕਾਰਨ ਲੋਕ ਪਰੇਸ਼ਾਨ ਹਨ। ਇੱਕ ਪਾਸੇ ਜਿੱਥੇ ਇਸ ਦੀ ਬਦਬੂ ਮਾਰਦੀ ਹੈ, ਉਥੇ ਹੀ ਪਾਣੀ ਦੇ ਸੈਂਕੜੇ ਜੀਵ-ਜੰਤੂ ਮਰ ਰਹੇ ਹਨ। ਹਾਲਾਂਕਿ ਪਹਿਲਾਂ ਘੱਗਰ ਵਿੱਚ ਵਗ ਰਹੇ ਜ਼ਹਿਰੀਲੇ ਫ਼ੈਕਟਰੀਆਂ ਦੇ ਪਾਣੀ ਨੂੰ ਲੈ ਕੇ ਪੰਜਾਬੀ ਜਾਗਰਣ ਵੱਲੋਂ ਖ਼ਬਰ ਪ੍ਰਕਾਸ਼ਤ ਕੀਤੀ ਗਈ ਸੀ ਪਰ ਸਬੰਧਤ ਮਹਿਕਮੇ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਜ਼ਹਿਰੀਲਾ ਪਾਣੀ ਇੰਨਾ ਘਾਤਕ ਹੋ ਚੁੱਕਿਆ ਹੈ ਕਿ ਇਸ ਵਿੱਚ ਰਹਿਣ ਵਾਲੇ ਜੀਵ-ਜੰਤੂ ਰੋਜ਼ਾਨਾ ਵੱਡੀ ਗਿਣਤੀ ਵਿੱਚ ਮਰ ਰਹੇ ਹਨ। ਇਸ ਦਾ ਜ਼ਿੰਮੇਵਾਰ ਕੌਣ ਹੈ। ਕਿਸੇ ਸਮੇਂ ਲੋਕਾਂ ਲਈ ਵਰਦਾਨ ਇਹ ਘੱਗਰ ਹੁਣ ਸਰਾਪ ਬਣ ਗਿਆ ਹੈ। ਫੈਕਟਰੀਆਂ ’ਚੋਂ ਨਿਕਲਣ ਵਾਲੇ ਜ਼ਹਿਰ ਨੇ ਇਸ ਨੂੰ ਇੰਨਾ ਦੂਸ਼ਿਤ ਕਰ ਦਿੱਤਾ ਹੈ ਕਿ ਘੱਗਰ ਦੇ ਆਲੇ ਦੁਆਲੇ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੈ, ਉੱਥੇ ਹੀ ਇਸ ਪਾਣੀ ਵਿੱਚੋਂ ਆਉਂਦੀ ਬਦਬੂ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ।
ਘੱਗਰ ਕਿਨਾਰੇ ਵਸਦੇ ਲੋਕਾਂ ਵਿੱਚ ਘਾਤਕ ਬਿਮਾਰੀਆਂ ਜਿਵੇਂ ਕਿ ਕੈਂਸਰ ਅਤੇ ਕਾਲਾ ਪੀਲੀਆ ਤੇਜ਼ੀ ਨਾਲ ਫ਼ੈਲ ਰਿਹਾ ਹੈ। ਇਲਾਕੇ ਦੇ ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ ਲੋਕਾਂ ਨੇ ਇਸ ਮੁੱਦੇ ਨੂੰ ਲੈ ਕੇ ਕਈ ਵਾਰ ਆਵਾਜ਼ ਉਠਾਈ ਪਰ ਉਨ੍ਹਾਂ ਦੀ ਆਵਾਜ਼ ਕਿਸੇ ਵੀ ਸਿਆਸਤਦਾਨ ਜਾਂ ਪ੍ਰਸ਼ਾਸਨ ਦੇ ਕੰਨੀ ਪੈਂਦੀ ਦਿਖਾਈ ਨਹੀਂ ਦਿੰਦੀ। ਫ਼ਿਰ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਸ਼ਾਸਨ ਨੇ ਲੋਕਾਂ ਨੂੰ ਬਚਾਉਣ ਦੀ ਬਜਾਏ ਭਿਆਨਕ ਰੋਗਾਂ ਨਾਲ ਮਾਰਨ ਦਾ ਬੀੜਾ ਚੁੱਕਿਆ ਹੋਇਆ ਹੈ। ਘੱਗਰ ਵਿੱਚ ਆ ਰਹੇ ਇਸ ਕੈਮੀਕਲ ਯੁਗਤ ਫ਼ੈਕਟਰੀਆਂ ਦੇ ਪਾਣੀ ਤੋਂ ਇਲਾਕੇ ਦੇ ਜਾਗਰੂਕ ਨਾਗਰਿਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਜਲਦੀ ਹੀ ਇਸ ਪਾਸੇ ਠੋਸ ਕਦਮ ਉਠਾਏ ਜਾਣ।
ਇਸ ਸਬੰਧੀ ਜਦੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਜੋ ਕਿ ਘੱਗਰ ਕਮੇਟੀ ਦੇ ਮੈਂਬਰ ਵੀ ਹਨ, ਨਾਲ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ।
ਘੱਗਰ ’ਚ ਜ਼ਹਿਰ ਘੋਲਣ ਵਾਲਿਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ : ਪ੍ਰੋ. ਸਾਧੂਵਾਲਾ
ਪ੍ਰੋਫ਼ੈਸਰ ਬਿਕਰਜੀਤ ਸਿੰਘ ਸਾਧੂਵਾਲਾ ਨੇ ਕਿਹਾ ਕਿ ਘੱਗਰ ਵਿੱਚ ਆ ਰਿਹਾ ਗੰਦਾ ਪਾਣੀ ਦਿਨ ਬ ਦਿਨ ਘਾਤਕ ਹੁੰਦਾ ਜਾ ਰਿਹਾ ਹੈ, ਜਿਸ ਦਾ ਪ੍ਰਮਾਣ ਇਸ ਦੇ ਕਿਨਾਰੇ ਸੈਂਕੜੇ ਦੀ ਗਿਣਤੀ ਵਿੱਚ ਮਰੇ ਹੋਏ ਜੀਵ ਜੰਤੂ ਦੇ ਰਹੇ ਹਨ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਉਹ ਸਮਾਂ ਦੂਰ ਨਹੀਂ ਜਦ ਇਸ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਵੀ ਇਹ ਜਗ੍ਹਾ ਛੱਡ ਕਿਤੇ ਦੂਰ-ਦੁਰਾਡੇ ਜਾ ਕੇ ਰਹਿਣਾ ਪਵੇਗਾ। ਲੋਕਾਂ ਨੂੰ ਲਗਾਤਾਰ ਘਾਤਕ ਬਿਮਾਰੀਆਂ ਵੰਡਣ ਵਾਲਾ ਇਹ ਜ਼ਹਿਰ ਦਾ ਦਰਿਆ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਪ੍ਰਸ਼ਾਸਨ ਤੇ ਸਰਕਾਰਾਂ ਵੀ ਇਸ ਪਾਸੇ ਚੁੱਪ ਵੱਟੀ ਬੈਠੀਆਂ ਹਨ ਜਾਂ ਇੰਝ ਕਹਿ ਲਈਏ ਕਿ ਲੋਕਾਂ ਨੂੰ ਮਰਨ ਲਈ ਛੱਡ ਦਿੱਤਾ ਗਿਆ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਵਿੱਚ ਜ਼ਹਿਰ ਘੋਲਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰ ਕੇ ਆਮ ਲੋਕਾਂ ਨੂੰ ਸੁੱਖ ਦਾ ਸਾਹ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸਾਲ ਦੇ ਦੋ ਤਿੰਨ ਮਹੀਨੇ ਤਾਂ ਘੱਗਰ ਕਿਨਾਰੇ ਵੱਸਦੇ ਲੋਕਾਂ ਨੂੰ ਹੜ੍ਹਾਂ ਦੇ ਡਰੋਂ ਨੀਂਦ ਨਹੀਂ ਆਉਂਦੀ ਅਤੇ ਜਦ ਹੜ੍ਹਾਂ ਵਾਲੇ ਪਾਸਿਉਂ ਰਾਹਤ ਮਿਲਦੀ ਹੈ ਤਾਂ ਇਸ ਵਿੱਚ ਜ਼ਹਿਰ ਵਗਣ ਲੱਗ ਜਾਂਦਾ ਹੈ। ਇਹ ਭਿਆਨਕ ਹੋ ਜਾਂਦਾ ਹੈ। ਸਰਕਾਰਾਂ ਸਮੇਂ-ਸਮੇਂ ’ਤੇ ਕਾਨੂੰਨਾਂ ਵਿੱਚ ਸੁਧਾਰ ਦਾ ਨਾਂ ਦੇ ਕੇ ਧਨਾਢਾਂ ਨੂੰ ਫ਼ਾਇਦਾ ਪਹੁੰਚਾਉਣ ਅਤੇ ਆਮ ਲੋਕਾਂ ਨੂੰ ਮਰਨ ਲਈ ਮਜਬੂਰ ਕਰ ਰਹੀ ਹੈ।
ਮੁਫ਼ਤ ਇਲਾਜ ਦੇਣ ਤੋਂ ਪਹਿਲਾਂ ਸਰਕਾਰਾਂ ਬਿਮਾਰੀਆਂ ਵੰਡਣ ਵਾਲਿਆਂ ’ਤੇ ਨੱਥ ਪਾਵੇ : ਬਰਾੜ
ਸਮਾਜਸੇਵੀ ਰਿੰਪੀ ਬਰਾੜ ਨੇ ਕਿਹਾ ਹੈ ਕਿ ਘੱਗਰ ਵਿੱਚ ਲਗਾਤਾਰ ਆ ਰਿਹਾ ਜ਼ਹਿਰੀਲਾ ਪਾਣੀ ਕਿਨਾਰੇ ਵੱਸਦੇ ਲੋਕਾਂ ਲਈ ਸਰਾਪ ਬਣ ਚੁੱਕਿਆ ਹੈ। ਲੋਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪ੍ਰਦੂਸ਼ਣ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਅਤੇ ਕਰੋੜਾਂ ਰੁਪਏ ਮਸ਼ਹੂਰੀਆਂ ’ਤੇ ਖਰਚ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ’ਤੇ ਕੁਝ ਵੀ ਨਹੀਂ ਹੋ ਰਿਹਾ। ਫ਼ੈਕਟਰੀਆਂ ਦੇ ਮਾਲਕ ਧਨਾਢ ਲੋਕ ਰਾਜਨੀਤਿਕ ਲੋਕਾਂ ਵਿੱਚ ਆਪਣਾ ਆਧਾਰ ਰੱਖਣ ਵਾਲੇ ਲੋਕਾਂ ਨੂੰ ਸ਼ਰੇਆਮ ਜ਼ਹਿਰ ਵੰਡ ਰਹੇ ਹਨ। ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਪ੍ਰਸ਼ਾਸਨ ਅਤੇ ਸਰਕਾਰਾਂ ਦਾ ਹੌਸਲਾ ਨਹੀਂ ਪੈਂਦਾ। ਵਾਰ-ਵਾਰ ਖ਼ਬਰਾਂ ਲੱਗਣ ਦੇ ਬਾਵਜੂਦ ਪ੍ਰਸ਼ਾਸਨ ਮੌਨ ਧਾਰ ਕੇ ਬੈਠਾ ਹੋਇਆ ਹੈ। ਮੁਫ਼ਤ ਇਲਾਜ ਦੇਣ ਤੋਂ ਪਹਿਲਾਂ ਸਰਕਾਰਾਂ ਨੂੰ ਬਿਮਾਰੀਆਂ ਵੰਡਣ ਵਾਲਿਆਂ ’ਤੇ ਨੱਥ ਪਾਉਣੀ ਚਾਹੀਦੀ ਹੈ।