ਦਿੜ੍ਹਬਾ: ਸਬ-ਡਵੀਜ਼ਨਲ ਕੰਪਲੈਕਸ ਦੇ ਮੈਦਾਨ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀ ਮੁਸਤੈਦੀ ਨਾਲ ਟਲਿਆ ਵੱਡਾ ਹਾਦਸਾ
ਮੁਲਾਜ਼ਮਾਂ ਨੇ ਤੁਰੰਤ ਨਗਰ ਪੰਚਾਇਤ ਦਿੜ੍ਹਬਾ ਵਿਖੇ ਮੌਜੂਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੀ ਟੀਮ ਨੇ ਬਿਨਾਂ ਸਮਾਂ ਗੁਆਏ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕੀਤਾ ਅਤੇ ਇੱਕ ਵੱਡੇ ਹਾਦਸੇ ਨੂੰ ਹੋਣ ਤੋਂ ਰੋਕ ਲਿਆ।
Publish Date: Fri, 17 Apr 2026 01:47 PM (IST)
Updated Date: Fri, 17 Apr 2026 01:48 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ । ਸਬ-ਡਵੀਜ਼ਨਲ ਕੰਪਲੈਕਸ ਦਿੜ੍ਹਬਾ ਦੇ ਖਾਲੀ ਪਏ ਮੈਦਾਨ ਵਿੱਚ ਅੱਜ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਮਿੰਟਾਂ ਵਿੱਚ ਪੂਰੇ ਮੈਦਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਖ਼ੁਸ਼ਕਿਸਮਤੀ ਇਹ ਰਹੀ ਕਿ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ, ਜਿਸ ਨਾਲ ਸਰਕਾਰੀ ਇਮਾਰਤ ਦਾ ਬਚਾਅ ਹੋ ਗਿਆ।
ਜਾਣਕਾਰੀ ਅਨੁਸਾਰ, ਜਦੋਂ ਮੈਦਾਨ ਵਿੱਚ ਅੱਗ ਲੱਗੀ ਤਾਂ ਉੱਥੇ ਮੌਜੂਦ ਮੁਲਾਜ਼ਮਾਂ ਵਿੱਚ ਭਾਜੜ ਮਚ ਗਈ। ਅੱਗ ਦੀਆਂ ਲਪਟਾਂ ਤੇਜ਼ੀ ਨਾਲ ਕੰਪਲੈਕਸ ਦੀ ਮੁੱਖ ਇਮਾਰਤ ਵੱਲ ਵਧ ਰਹੀਆਂ ਸਨ। ਮੁਲਾਜ਼ਮਾਂ ਨੇ ਤੁਰੰਤ ਨਗਰ ਪੰਚਾਇਤ ਦਿੜ੍ਹਬਾ ਵਿਖੇ ਮੌਜੂਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੀ ਟੀਮ ਨੇ ਬਿਨਾਂ ਸਮਾਂ ਗੁਆਏ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕੀਤਾ ਅਤੇ ਇੱਕ ਵੱਡੇ ਹਾਦਸੇ ਨੂੰ ਹੋਣ ਤੋਂ ਰੋਕ ਲਿਆ।
ਹਾਲਾਂਕਿ ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਮੈਦਾਨ ਵਿੱਚ ਲੱਗਿਆ ਸਾਰਾ ਘਾਹ ਅਤੇ ਕੀਮਤੀ ਬੂਟੇ ਸੜ ਕੇ ਸੁਆਹ ਹੋ ਗਏ। ਅੱਗ ਦੀ ਤਪਸ਼ ਕਾਰਨ ਕਈ ਹਰੇ-ਭਰੇ ਦਰੱਖਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਮੌਕੇ ਹਾਜ਼ਰ ਸ਼ਹਿਰ ਵਾਸੀਆਂ ਅਤੇ ਮੁਲਾਜ਼ਮਾਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਲੋਕਾਂ ਨੇ ਕਿਹਾ ਕਿ ਮੰਤਰੀ ਚੀਮਾ ਵੱਲੋਂ ਦਿੜ੍ਹਬਾ ਸ਼ਹਿਰ ਨੂੰ ਦਿੱਤੀ ਗਈ ਫਾਇਰ ਬ੍ਰਿਗੇਡ ਮਸ਼ੀਨ ਕਾਰਨ ਹੀ ਅੱਜ ਇਹ ਸਰਕਾਰੀ ਇਮਾਰਤ ਸੁਰੱਖਿਅਤ ਰਹਿ ਸਕੀ ਹੈ, ਨਹੀਂ ਤਾਂ ਵੱਡਾ ਮਾਲੀ ਨੁਕਸਾਨ ਹੋ ਸਕਦਾ ਸੀ।