ਤਪਾ ਨਗਰ ਕੌਂਸਲ: ਜਿੱਤ ਦੇ ਜਸ਼ਨ ਦੌਰਾਨ ਔਰਤ ‘ਤੇ ਚੜ੍ਹਾ'ਤੀ ਗੱਡੀ, ਅਕਾਲੀ ਉਮੀਦਵਾਰ ਤੇ ਸਮਰਥਕਾਂ ‘ਤੇ ਲੱਗਿਆ ਇਲਜ਼ਾਮ
ਗੁਰਮੀਤ ਸਿੰਘ ਰੋਡ ਦੇ ਸਮਰਥਕਾਂ ‘ਤੇ ਗੁੰਡਾਗਰਦੀ ‘ਦੇ ਇਲਜ਼ਾਮ ਲੱਗ ਰਹੇ ਹਨ। ਦੱਸਿਆ ਗਿਆ ਕਿ ਅਕਾਲੀ ਸਮਰਥਕਾਂ ਨੇ ਜਾਣਬੁਝ ਕੇ ਘਰ ਦੇ ਕੋਲ ਗੱਡੀ ਲਿਜਾ ਕੇ ਨਾਜਮ ਹੁਸੈਨ ਦੀ ਪਤਨੀ ‘ਤੇ ਗੱਡੀ ਚੜਾ ਦਿੱਤੀ। ਇਸ ਤੋਂ ਬਾਅਦ ਉਹ ਕਾਫੀ ਦੂਰ ਤੱਕ ਮਹਿਲਾ ਨੂੰ ਘਸੀਟਦੇ ਲੈ ਗਏ। ਇਸ ਦੌਰਾਨ ਮਹਿਲਾ ਜ਼ਖਮੀ ਹੋ ਗਈ, ਜਿਸ ਨੂੰ ਤਪਾ ਮੰਡੀ ਤੋਂ ਬਰਨਾਲਾ ਦੇ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ।
Publish Date: Sat, 30 May 2026 08:54 AM (IST)
Updated Date: Sat, 30 May 2026 08:57 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਨਗਰ ਕੌਂਸਲ ਤਪਾ ਦੀਆਂ ਚੋਣਾਂ ‘ਚ ਜਿੱਤ ਦੇ ਜਸ਼ਨ ਦੌਰਾਨ ਜੇਤੂ ਉਮੀਦਵਾਰ ਤੇ ਉਸ ਦੇ ਸਮਰਥਕਾਂ ‘ਤੇ ਇੱਕ ਮਹਿਲਾ ‘ਤੇ ਗੱਡੀ ਚੜ੍ਹਾਉਣ ਦਾ ਇਲਜ਼ਾਮ ਲੱਗ ਰਿਹਾ ਹੈ। ਇਲਜ਼ਾਮ ਹੈ ਕਿ ਵਾਰਡ ਨੰਬਰ- 8 ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜੇਤੂ ਉਮੀਦਵਾਰ ਗੁਰਮੀਤ ਸਿੰਘ ਰੋਡ ਤੇ ਉਨ੍ਹਾਂ ਦੇ ਸਮਰਥਕਾਂ ਨੇ ਚੋਣ ਹਾਰੇ ਆਜ਼ਾਦ ਉਮੀਦਵਾਰ ਨਾਜ਼ਮ ਹੁਸੈਨ ਰਾਜੂ ਖਾਨ ਦੀ ਪਤਨੀ ਰਾਣੀ ਉੱਪਰ ਗੱਡੀ ਚੜ੍ਹਾ ਦਿੱਤੀ।
ਗੁਰਮੀਤ ਸਿੰਘ ਰੋਡ ਦੇ ਸਮਰਥਕਾਂ ‘ਤੇ ਗੁੰਡਾਗਰਦੀ ‘ਦੇ ਇਲਜ਼ਾਮ ਲੱਗ ਰਹੇ ਹਨ। ਦੱਸਿਆ ਗਿਆ ਕਿ ਅਕਾਲੀ ਸਮਰਥਕਾਂ ਨੇ ਜਾਣਬੁਝ ਕੇ ਘਰ ਦੇ ਕੋਲ ਗੱਡੀ ਲਿਜਾ ਕੇ ਨਾਜਮ ਹੁਸੈਨ ਦੀ ਪਤਨੀ ‘ਤੇ ਗੱਡੀ ਚੜਾ ਦਿੱਤੀ। ਇਸ ਤੋਂ ਬਾਅਦ ਉਹ ਕਾਫੀ ਦੂਰ ਤੱਕ ਮਹਿਲਾ ਨੂੰ ਘਸੀਟਦੇ ਲੈ ਗਏ। ਇਸ ਦੌਰਾਨ ਮਹਿਲਾ ਜ਼ਖਮੀ ਹੋ ਗਈ, ਜਿਸ ਨੂੰ ਤਪਾ ਮੰਡੀ ਤੋਂ ਬਰਨਾਲਾ ਦੇ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ।
ਇਸ ਮੌਕੇ ਸਥਾਨਕ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਸਿੰਘ ਰੋਡ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਜਾਣਬੁਝ ਕੇ ਉਨ੍ਹਾਂ ਦੇ ਮਹੱਲੇ ‘ਚ ਆ ਕੇ ਮਾਹੌਲ ਖ਼ਰਾਬ ਕੀਤਾ ਗਿਆ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਜਿੱਥੇ ਉਨ੍ਹਾਂ ਨੇ ਔਰਤ ਨੂੰ ਜ਼ਖਮੀ ਕੀਤਾ, ਉੱਥੇ ਹੀ ਉਹ ਗਲੀ ‘ਚ ਛੋਟੇ ਬੱਚਿਆਂ ਉੱਪਰ ਵੀ ਗੱਡੀ ਚੜਾ ਸਕਦੇ ਸਨ।
ਦੂਜੇ ਪਾਸੇ, ਗੁੱਸੇ ‘ਚ ਲੋਕਾਂ ਨੇ ਇਸ ਘਟਨਾ ਤੋਂ ਬਾਅਦ ਸਕਾਰਪੀਓ ਗੱਡੀ ਦੀ ਭੰਨ ਤੋੜ ਕਰ ਦਿੱਤੀ । ਨਾਜ਼ਮ ਹੁਸੈਨ ਨੇ ਅਕਾਲੀ ਦਲ ਦੇ ਜੇਤੂ ਉਮੀਦਵਾਰ ਗੁਰਮੀਤ ਸਿੰਘ ਰੋਡ ਤੇ ਉਨ੍ਹਾਂ ਦੇ ਸਮਰਥਕਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਪਤਨੀ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਗੱਡੀ ‘ਚ ਲੋਹੇ ਦੀਆਂ ਰਾਡਾਂ ਤੇ ਪਟਾਕੇ ਵੱਡੀ ਮਾਤਰਾ ‘ਚ ਮਿਲੇ ਹਨ।
ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜੇਤੂ ਉਮੀਦਵਾਰ ਗੁਰਮੀਤ ਸਿੰਘ ਰੋਡ ਨੇ ਮੀਡੀਆ ਤੋਂ ਪਾਸਾ ਵੱਟਿਆ ਹੈ।