ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦੀ ਸਾਲਾਨਾ ਸਪੋਰਟਸ ਮੀਟ ਕਰਵਾਈ
ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦੀ ਸਾਲਾਨਾ ਸਪੋਰਟਸ ਮੀਟ ਕਰਵਾਈ
Publish Date: Sun, 16 Nov 2025 05:18 PM (IST)
Updated Date: Sun, 16 Nov 2025 05:20 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦੀ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ। ਇਸ ਸਪੋਰਟਸ ਮੀਟ ਦਾ ਨਾਮ ਸਪੋਰਟਸ ਜ਼ੇਨਿਥ ਰੱਖਿਆ ਗਿਆ। ਇਸ ਸਪੋਰਟਸ ਮੀਟ ’ਚ ਪਲੇ-ਵੇ ਤੋਂ ਨੌਵੀਂ ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਾਲਾਨਾ ਸਪੋਰਟਸ ਮੀਟ ਬੜੇ ਉਤਸ਼ਾਹ ਤੇ ਜੋਸ਼ ਦੇ ਨਾਲ ਕਰਵਾਈ ਗਈ। ਮੈਦਾਨ ’ਚ ਸਵੇਰ ਤੋਂ ਹੀ ਵਿਦਿਆਰਥੀਆਂ ਦੀ ਰੌਣਕ ਤੇ ਖੇਡਾਂ ਲਈ ਜੋਸ਼ ਵੱਖਰਾ ਹੀ ਦ੍ਰਿਸ਼ ਪੇਸ਼ ਕਰ ਰਿਹਾ ਸੀ। ਇਸ ਸਪੋਰਟਸ ਮੀਟ ’ਚ ਬਹੁਤ ਸਾਰੀਆਂ ਸ਼੍ਰੇਣੀਆਂ ਸ਼ਾਮਲ ਸਨ, ਜਿਨ੍ਹਾਂ ’ਚ 100 ਮੀਟਰ ਦੌੜ, 200 ਮੀਟਰ ਦੌੜ, ਲੰਮੀ ਕੂਦ, ਉੱਚੀ ਕੂਦ, ਰੀਲੇ ਰੇਸ, ਤੱਗ ਆਫ ਵਾਰ, ਆਦਿ ਮਹੱਤਵਪੂਰਨ ਮੁਕਾਬਲੇ ਕਰਵਾਏ ਗਏ। ਜਿਸ ’ਚ ਵਿਦਿਆਰਥੀਆਂ ਨੇ ਆਪਣੀ ਪੂਰੀ ਮਿਹਨਤ ਅਤੇ ਕਾਬਲਿਯਤ ਦਾ ਪ੍ਰਦਰਸ਼ਨ ਕੀਤਾ। ਬੱਚਿਆਂ ਦਾ ਜੋਸ਼, ਟੀਮ ਵਰਕ ਤੇ ਖੇਡਾਂ ਪ੍ਰਤੀ ਸਮਰਪਣ ਦੇਖਣ ਵਾਲਾ ਸੀ। ਮੈਡਲ ਤੇ ਟਰਾਫ਼ੀ ਜਿੱਤਣ ਦੀ ਲਗਨ ਬੱਚਿਆਂ ਦੇ ਚਿਹਰਿਆਂ ’ਤੇ ਸਾਫ਼ ਨਜ਼ਰ ਆ ਰਹੀ ਸੀ। ਇਹ ਸਪੋਰਟਸ ਮੀਤ ਸਕੂਲ ਦੇ ਡੀਪੀ ਹਰਜੀਤ ਸਿੰਘ, ਬੈਡਮਿੰਟਨ ਕੋਚ ਸੁਖਦੇਵ ਸਿੰਘ, ਨੈੱਟਬਾਲ ਕੋਚ ਖੁਸ਼ਦੀਪ ਸਿੰਘ ਤੇ ਕ੍ਰਿਕੇਟ ਕੋਚ ਰੋਹਨ ਸ਼ਰਮਾ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਵੱਲੋਂ ਜੇਤੂ ਤੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਜਿੱਤਣ ਵਾਲੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਕਿਹਾ ਗਿਆ ਕਿ ਮੁਕਾਬਲਿਆਂ ’ਚ ਬੱਚਿਆਂ ਨੇ ਸ਼ਮੂਲੀਅਤ ਕਰ ਕੇ ਖੇਡਾਂ ਪ੍ਰਤੀ ਆਪਣੀ ਲਗਨ ਤੇ ਅਨੁਸ਼ਾਸਨ ਦਿਖਾਇਆ। ਸਕੂਲ ਦੇ ਮੈਦਾਨ ’ਚ ਬੱਚਿਆਂ ਦੇ ਚੀਅਰ ਤੇ ਜੋਸ਼ ਨੇ ਸਮੂਹ ਵਾਤਾਵਰਨ ਨੂੰ ਖੇਡਮਈ ਬਣਾ ਦਿੱਤਾ। ਇਸ ਤਰ੍ਹਾਂ ਦੀਆਂ ਸਰਗਰਮੀਆਂ ਬੱਚਿਆਂ ਦੇ ਸਰਵਾਂਗੀਣ ਵਿਕਾਸ ਲਈ ਬਹੁਤ ਲਾਭਦਾਇਕ ਹਨ ਤੇ ਅੱਗੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਲਗਾਤਾਰ ਕਰਵਾਏ ਜਾਣਗੇ। ਸਕੂਲ ਦੇ ਐੱਮਡੀ ਸ਼ਿਵ ਸਿੰਗਲਾ ਨੇ ਬੱਚਿਆਂ ਨੂੰ ਪ੍ਰੇਰਨਾਦਾਇਕ ਸ਼ਬਦਾਂ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਸਪੋਰਟਸ ਸਾਨੂੰ ਅਨੁਸ਼ਾਸਨ, ਸਹਿਯੋਗ, ਹੌਸਲਾ ਤੇ ਹਾਰ-ਜੀਤ ਨੂੰ ਸਹੀ ਢੰਗ ਨਾਲ ਸਵੀਕਾਰਣ ਦੀ ਸਿੱਖ ਦਿੰਦਾ ਹੈ। ਖੇਡਾਂ ’ਚ ਜਿੱਤਨਾ ਜ਼ਰੂਰੀ ਨਹੀਂ, ਸਗੋਂ ਭਾਗ ਲੈਣਾ ਤੇ ਆਪਣੀ ਪੂਰੀ ਕੋਸ਼ਿਸ਼ ਕਰਨਾ ਸਭ ਤੋਂ ਵੱਡੀ ਜਿੱਤ ਹੈ। ਬੱਚਿਆਂ ਨੂੰ ਕਿਹਾ ਕਿ ਉਹ ਆਪਣੇ ਜੀਵਨ ਵਿੱਚ ਕਿਸੇ ਵੀ ਖੇਤਰ ਵਿੱਚ ਮਿਹਨਤ, ਇਮਾਨਦਾਰੀ ਅਤੇ ਅਤੁੱਟ ਜੋਸ਼ ਨਾਲ ਹੀ ਸਫਲਤਾ ਹਾਸਲ ਕਰ ਸਕਦੇ ਹਨ। ਖੇਡਾਂ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹਨ, ਜੋ ਇੱਕ ਵਿਅਕਤੀ ਨੂੰ ਤੰਦਰੁਸਤ, ਆਤਮਵਿਸ਼ਵਾਸੀ ਤੇ ਮਿਹਨਤੀ ਬਣਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਜਿੱਤ ਤੇ ਹਾਰ ਦੋਵੇਂ ਹੀ ਖੇਡਾਂ ਦਾ ਅਤੁੱਟ ਹਿੱਸਾ ਹਨ, ਪਰ ਅਸਲੀ ਜਿੱਤ ਉਹਦੀ ਹੈ, ਜੋ ਬੱਚੇ ਸਿਖਲਾਈ, ਟੀਮਵਰਕ ਤੇ ਸਵਨੁਸ਼ਾਸਨ ਰਾਹੀਂ ਹਾਸਲ ਕਰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਹਰ ਖੇਡ ਨੂੰ ਪੂਰੇ ਜਜ਼ਬੇ ਤੇ ਇਮਾਨਦਾਰੀ ਨਾਲ ਖੇਡੋ, ਕਿਉਂਕਿ ਮਿਹਨਤ ਕਦੀ ਵੀ ਵਿਅਰਥ ਨਹੀਂ ਜਾਂਦੀ। ਉਨ੍ਹਾਂ ਬੱਚਿਆਂ ਨੂੰ ਬਧਾਈ ਦਿੰਦੇ ਹੋਏ ਕਿਹਾ ਕਿ ਇਸੇ ਜੋਸ਼ ਨਾਲ ਅੱਗੇ ਵੀ ਹਰ ਖੇਤਰ ’ਚ ਸਕੂਲ ਦਾ ਨਾਮ ਰੋਸ਼ਨ ਕਰਦੇ ਰਹੋ।