ਲੇਬਰ ਕੋਡਾਂ ਤੇ ਬਿਜਲੀ ਬੀਜ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ
ਪਿੰਡ ਛੀਨੀਵਾਲ ’ਚ ਲੇਬਰ ਕੋਡਾਂ ਤੇ ਬਿਜਲੀ ਬੀਜ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ
Publish Date: Wed, 24 Dec 2025 06:24 PM (IST)
Updated Date: Wed, 24 Dec 2025 06:25 PM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ ਮਹਿਲ ਕਲਾਂ : ਪਿੰਡ ਛੀਨੀਵਾਲ ਕਲਾਂ ਵਿਖੇ ਭੱਠਾ ਮਜ਼ਦੂਰਾਂ ਵੱਲੋਂ ਕੇਂਦਰੀ ਮੋਦੀ ਸਰਕਾਰ ਦੀਆਂ ਮਜ਼ਦੂਰਾਂ–ਕਿਸਾਨਾਂ ਵਿਰੋਧੀ ਨੀਤੀਆਂ ਖ਼ਿਲਾਫ਼ ਸੀਟੂ ਦੀ ਅਗਵਾਈ ਹੇਠ ਤਿੱਖਾ ਵਿਰੋਧ ਪ੍ਰਗਟ ਕਰਦਿਆਂ ਰੱਦ ਕੀਤੇ ਗਏ 29 ਕਿਰਤ ਕਾਨੂੰਨਾਂ ਅਤੇ ਮਨਰੇਗਾ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਗਈ, ਜਦਕਿ ਨਵੇਂ ਲਾਗੂ ਕੀਤੇ ਲੇਬਰ ਕੋਡਾਂ, ਵੀਬੀਜੀ ਰਾਮ (ਜੀ) ਕਾਨੂੰਨ ਅਤੇ ਬਿਜਲੀ ਤੇ ਬੀਜ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ਵੀ ਉਠਾਈ ਗਈ। ਇਸ ਮੌਕੇ ਸੀਟੂ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤਕ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ’ਤੇ ਹੋ ਰਹੇ ਹਮਲੇ ਨਹੀਂ ਰੁਕਦੇ, ਉਦੋਂ ਤਕ ਇਸ ਲੋਕ ਵਿਰੋਧੀ ਨੀਤੀ ਖ਼ਿਲਾਫ਼ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਸਾਥੀ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਭੱਠਾ ਵਰਕਰਾਂ ਦੀ ਮੀਟਿੰਗ ਕੀਤੀ ਗਈ, ਜਿਸ ਨੂੰ ਸੀਟੂ ਦੇ ਸੂਬਾ ਆਗੂ ਸਾਥੀ ਮਾਨ ਸਿੰਘ ਗੁਰਮ ਅਤੇ ਪ੍ਰੀਤਮ ਸਿੰਘ ਸਹਿਜੜਾ ਵੱਲੋਂ ਸੰਬੋਧਨ ਕੀਤਾ ਗਿਆ। ਇਸ ਮੌਕੇ ਸੀਟੂ ਆਗੂਆਂ ਨੇ ਕਿਹਾ ਕਿ ਸਾਢੇ ਗਿਆਰਾਂ ਸਾਲਾਂ ਤੋਂ ਰਾਜ ਸੱਤਾ ’ਤੇ ਕਾਬਜ਼ ਕਾਰਪੋਰੇਟ–ਫਿਰਕੂ ਗੱਠਜੋੜ ਦੀ ਸਰਕਾਰ ਮਜ਼ਦੂਰਾਂ, ਕਿਸਾਨਾਂ ਅਤੇ ਮੁਲਾਜ਼ਮਾਂ ਵੱਲੋਂ ਸਾਲਾਂ ਦੇ ਸੰਘਰਸ਼ਾਂ ਤੇ ਕੁਰਬਾਨੀਆਂ ਨਾਲ ਹਾਸਲ ਕੀਤੇ ਹੱਕਾਂ ਨੂੰ ਖੋਹਣ ਲਈ ਤਰਲੋ ਮੱਛੀ ਹੋ ਰਹੀ ਹੈ, ਤਾਂ ਜੋ ਆਪਣੇ ਰਾਜ ਸੱਤਾ ਦੇ ਜੋਟੀਦਾਰ ਵੱਡੇ ਭਾਰਤੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਕਿਰਤੀ ਜਮਾਤ ਦੀ ਮਿਹਨਤ ਨੂੰ ਮਨਮਰਜ਼ੀ ਨਾਲ ਲੁੱਟਣ ਦੀ ਖੁੱਲ੍ਹ ਮਿਲ ਸਕੇ। ਉਨ੍ਹਾਂ ਕਿਹਾ ਕਿ 29 ਕਿਰਤ ਕਾਨੂੰਨਾਂ ਨੂੰ ਖ਼ਤਮ ਕਰ ਕੇ ਚਾਰ ਨਵੇਂ ਲੇਬਰ ਕੋਡ ਲਾਗੂ ਕਰਨਾ ਅਤੇ ਬਿਜਲੀ ਤੇ ਬੀਜ ਬਿੱਲਾਂ ਨੂੰ ਕਾਨੂੰਨ ਬਣਾਉਣ ਦੀ ਧੱਕੜ ਰਾਜਨੀਤੀ ਮੋਦੀ ਸਰਕਾਰ ਦੀ ਅਸਲੀ ਨੀਅਤ ਨੂੰ ਚਿੱਟੇ ਦਿਨ ਵਾਂਗ ਦੇਸ਼ ਅਤੇ ਦੁਨੀਆ ਭਰ ਦੀ ਕਿਰਤੀ ਜਮਾਤ ਦੇ ਸਾਹਮਣੇ ਬੇਨਕਾਬ ਕਰ ਰਹੀ ਹੈ। ਸੀਟੂ ਆਗੂਆਂ ਨੇ ਕਿਰਤੀਆਂ ਨੂੰ ਅਪੀਲ ਕੀਤੀ ਕਿ ਕੇਂਦਰ ਦੀਆਂ ਕਿਰਤੀ ਵਿਰੋਧੀ ਨੀਤੀਆਂ ਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਰਾਜ ਅੰਦਰ ਲਾਗੂ ਕਰਨ ਦੇ ਰਾਹ ‘ਤੇ ਤੁਰ ਰਹੀ ਹੈ, ਜਿਸ ਖ਼ਿਲਾਫ਼ ਸੰਘਰਸ਼ ਨੂੰ ਤੇਜ਼ ਅਤੇ ਲਗਾਤਾਰ ਬਣਾਈ ਰੱਖਣ ਲਈ ਮਜ਼ਦੂਰਾਂ ਨੂੰ ਆਪਣੀ ਯੂਨੀਅਨ ਅਤੇ ਜਥੇਬੰਦਕ ਤਾਕਤ ਮਜ਼ਬੂਤ ਕਰਦਿਆਂ ਵਿਸ਼ਾਲ ਲਾਮਬੰਦੀ ਲਈ ਅੱਗੇ ਆਉਣਾ ਬੇਹੱਦ ਜ਼ਰੂਰੀ ਹੈ। ਆਗੂਆਂ ਨੇ ਅਗਲੇ ਸਮੇਂ ਕਿਸਾਨਾਂ ਨਾਲ ਏਕਤਾ ਵਿੱਚ ਸੰਘਰਸ਼ ਚਲਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਸਾਂਝੇ ਮਸਲਿਆਂ ਦੇ ਹੱਲ ਲਈ ਇਕੱਠੇ ਹੋ ਕੇ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਜਮਸ਼ੇਰ ਆਲਮ, ਸਮੀਮ ਆਲਮ, ਗਫ਼ਾਰ ਆਲਮ, ਗੌਰੀ ਸ਼ੰਕਰ, ਰਮੇਸ਼ਵਰ, ਪੱਪੂ, ਸੋਨੂ, ਰਾਮ ਬਿਲਾਸ, ਚੰਦ, ਭਾਗਵੰਤੀ, ਸੁਧਾ ਦੇਵੀ, ਰਮਾ ਦੇਵੀ ਸਮੇਤ ਵੱਡੀ ਗਿਣਤੀ ਵਿੱਚ ਭੱਠਾ ਮਜ਼ਦੂਰ ਹਾਜ਼ਰ ਸਨ।