ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ : ਐੱਲਕੇ ਯਾਦਵ
ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ: ਐਲਕੇ ਯਾਦਵ
Publish Date: Wed, 11 Feb 2026 07:19 PM (IST)
Updated Date: Wed, 11 Feb 2026 07:20 PM (IST)

- ਡੀਜੀਪੀ ਯਾਦਵ ਨੇ ਆਪ੍ਰੇਸ਼ਨ ਪ੍ਰਹਾਰ-2 ਤਹਿਤ ਸੰਗਰੂਰ ’ਚ ਲਾਏ ਨਾਕਿਆਂ ਦਾ ਲਿਆ ਜਾਇਜ਼ਾ - ਤਿੰਨ ਦਿਨਾਂ ’ਚ 301 ਥਾਵਾਂ ’ਤੇ ਛਾਪੇਮਾਰੀ, 148 ਲੁੜੀਂਦੇ ਅਪਰਾਧੀ ਗ੍ਰਿਫ਼ਤਾਰ ਜਸਵੀਰ ਸਿੰਘ, ਪੰਜਾਬੀ ਜਾਗਰਣ ਸੰਗਰੂਰ : ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਐੱਲਕੇ ਯਾਦਵ ਨੇ ਬੁੱਧਵਾਰ ਨੂੰ ਆਪ੍ਰੇਸ਼ਨ ਪ੍ਰਹਾਰ-2 ਤਹਿਤ ਸੰਗਰੂਰ ਜ਼ਿਲ੍ਹੇ ਦਾ ਦੌਰਾ ਕਰਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਲਾਏ ਨਾਕਿਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿ ਗੈਂਗਸਟਰਾਂ ਤੇ ਫਿਰੌਤੀ ਮੰਗਣ ਵਾਲੇ ਕ੍ਰਿਮੀਨਲਜ਼ ਖ਼ਿਲਾਫ਼ ਐੱਲਓਸੀ, ਉਨ੍ਹਾਂ ਦੀਆਂ ਜੀਓ ਲੋਕੇਸ਼ਨਾਂ/ ਬਲਿਊ ਨੋਟਿਸ ਅਤੇ ਟਰੇਸ ਹੋਣ ’ਤੇ ਰੈੱਡ ਨੋਟਿਸ, ਪ੍ਰੋਵੀਜ਼ਨਲ ਗ੍ਰਿਫ਼ਤਾਰੀ ਅਤੇ ਹਵਾਲਗੀ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਤੋਂ ਇਲਾਵਾ ਗੈਂਗਸਟਰਾਂ/ਕ੍ਰਿਮੀਨਲਜ਼ ਦੀ ਹਵਾਲਾ ਮਨੀ, ਕਰੀਪਟੋ ਕਰੰਸੀ, ਚੱਲ ਅਚੱਲ ਜਾਇਦਾਦ ਦੀ ਕੁਰਕੀ ਅਤੇ ਜ਼ਬਤ ਕਰਵਾਉਣ ਸਬੰਧੀ 107 ਬੀਐੱਨਐੱਸਐੱਸ ਤਹਿਤ ਐੱਫਆਈਯੂ ਦੀ ਸਹਾਇਤਾ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜੇਕਰ ਗੈਂਗਸਟਰਾਂ ਅਤੇ ਕ੍ਰਿਮੀਨਲਜ਼ ਦੀ ਚੱਲ ਅਚੱਲ ਜਾਇਦਾਦ ਭਾਰਤ ਤੋਂ ਬਾਹਰ ਸਾਹਮਣੇ ਆਉਂਦੀ ਹੈ ਤਾਂ ਇੰਟਰਪੋਲ ਦੀ ਸਹਾਇਤਾ ਨਾਲ ਸਿਲਵਰ ਨੋਟਿਸ/86 ਬੀਐੱਨਐੱਸਐੱਸ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ 9 ਫਰਵਰੀ ਨੂੰ ਗੈਂਗਸਟਰਾਂ ਤੇ ਵਾਰ ਦੀ ਲੜੀ ਵਿੱਚ ‘ਆਪ੍ਰੇਸ਼ਨ ਪ੍ਰਹਾਰ-2’ ਸਬੰਧੀ ਅਗਲੇ 72 ਘੰਟਿਆਂ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ‘ਆਪ੍ਰੇਸ਼ਨ ਪ੍ਰਹਾਰ- 02’ ਤਹਿਤ 9 ਫਰਵਰੀ ਤੋਂ 11 ਫਰਵਰੀ ਤਕ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਐੱਸਐੱਸਪੀ ਸਰਤਾਜ ਸਿੰਘ ਚਾਹਲ, ਐੱਸਪੀ ਇਨਵੈਸਟੀਗੇਸ਼ਨ ਦਵਿੰਦਰ ਅੱਤਰੀ, ਐੱਸਪੀ (ਪੀਬੀਆਈ) ਨਵਰੀਤ ਸਿੰਘ ਵਿਰਕ ਅਤੇ ਐੱਸਪੀ (ਸਥਾਨਕ) ਰਾਜੇਸ਼ ਛਿੱਬਰ ਦੀ ਨਿਗਰਾਨੀ ਹੇਠ ਟੀਮਾਂ ਬਣਾ ਕੇ ਕਾਰਵਾਈ ਕਰਦੇ ਹੋਏ ਕੁੱਲ 301 ਥਾਵਾਂ ’ਤੇ ਛਾਪੇਮਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 148 ਲੁੜੀਂਦੇ ਅਪਰਾਧੀ ਗ੍ਰਿਫ਼ਤਾਰ ਕੀਤੇ ਗਏ, 200 ਤੋਂ ਵੱਧ ਇਹਤਿਹਾਤੀ ਕਾਰਵਾਈ ਕੀਤੀ ਗਈ। ਤਕਰੀਬਨ 800 ਸ਼ੱਕੀ ਵਿਅਕਤੀਆਂ ਨੂੰ ਵੈਰੀਫਾਈ ਕੀਤਾ ਗਿਆ, ਵੱਖ-ਵੱਖ ਮੁਕੱਦਮਿਆਂ ਵਿੱਚ ਭਗੌੜੇ 6 ਪੀਓਜ਼ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਰਚ ਦੌਰਾਨ 90 ਗ੍ਰਾਮ ਹੈਰੋਇਨ, 677 ਨਸ਼ੇ ਦੀਆਂ ਗੋਲੀਆਂ, 10 ਕਿੱਲੋ ਗ੍ਰਾਮ ਹਰੇ ਪੌਦੇ ਪੋਸਤ, 36 ਬੋਤਲਾਂ ਸ਼ਰਾਬ, ਚੋਰੀਸ਼ੁਦਾ 20 ਕਿੱਲੋ ਤਾਰ ਤਾਂਬਾ, 01 ਮੋਟਰਸਾਈਕਲ, 02 ਗੈਸ ਸਿਲੰਡਰ, 220/- ਰੁਪਏ ਕਰੰਸੀ ਨੋਟ ਸਮੇਤ ਟੁੱਟਿਆ ਗੱਲਾ, 01 ਟਰੱਕ 15 ਬਲਦਾਂ ਦਾ ਭਰਿਆ ਹੋਇਆ, 01 ਰਿਵਾਲਵਰ 32 ਬੋਰ ਸਮੇਤ ਜਿੰਦਾ ਕਾਰਤੂਸ, 01 ਪਿਸਤੌਲ 315 ਬੋਰ ਸਮੇਤ 01 ਕਾਰਤੂਸ ਤੇ 01 ਗੰਡਾਸੀ ਬਰਾਮਦ ਕਰਵਾਈ ਗਈ। ਇਸੇ ਮੁਹਿੰਮ ਤਹਿਤ ਨਾਕੇਬੰਦੀਆਂ ਦੌਰਾਨ ਬਿਨਾਂ ਨੰਬਰ ਪਲੇਟਾਂ ਵਾਲੇ ਕਰੀਬ 370 ਸ਼ੱਕੀ ਵ੍ਹੀਕਲਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਚੈੱਕ ਕੀਤਾ ਗਿਆ, ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵ੍ਹੀਕਲ ਚਾਲਕਾਂ ਦੇ 389 ਚਾਲਾਨ ਕੀਤੇ ਗਏ।