ਸਰਕਾਰੀ ਸਕੂਲਾਂ 'ਚ 'ਹਨੇਰਾ': ਪ੍ਰੀਪੇਡ ਮੀਟਰਾਂ ਨੇ ਖੋਹੀ ਬੱਚਿਆਂ ਦੀ ਪੜ੍ਹਾਈ ਤੇ ਪਾਣੀ ਦੀ ਸਹੂਲਤ, ਗਰਮੀ 'ਚ ਬੱਚੇ ਤੇ ਸਟਾਫ਼ ਪਰੇਸ਼ਾਨ
ਠੁੱਲੇਵਾਲ ਸਕੂਲ ਦਾ ਕਰੀਬ 2000 ਰੁਪਏ ਅਤੇ ਨੰਗਲ ਸਕੂਲ ਦਾ ਲਗਭਗ 4900 ਰੁਪਏ ਬਕਾਇਆ ਹੈ। ਫੰਡਾਂ ਦੀ ਘਾਟ ਕਾਰਨ ਸਕੂਲ ਇਹ ਰਕਮ ਭਰਨ ਤੋਂ ਅਸਮਰਥ ਹਨ, ਜਿਸ ਕਰਕੇ ਮਾਮਲਾ ਸਿੱਖਿਆ ਵਿਭਾਗ ਤੱਕ ਪਹੁੰਚਾਇਆ ਗਿਆ ਹੈ। ਬਿਜਲੀ ਬੰਦ ਹੋਣ ਨਾਲ ਸਕੂਲਾਂ ’ਚ ਪੀਣ ਵਾਲੇ ਪਾਣੀ ਲਈ ਲੱਗੇ ਸਮਰਸੀਬਲ ਪੰਪ ਵੀ ਬੰਦ ਪਏ ਹਨ।
Publish Date: Sat, 09 May 2026 01:26 PM (IST)
Updated Date: Sat, 09 May 2026 01:27 PM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ ਮਹਿਲ ਕਲਾਂ : ਪੰਜਾਬ ਰਾਜ ਬਿਜਲੀ ਨਿਗਮ (ਪਾਵਰਕਾਮ) ਵੱਲੋਂ ਲਗਾਏ ਸਮਾਰਟ ਪ੍ਰੀਪੇਡ ਬਿਜਲੀ ਮੀਟਰ ਹੁਣ ਸਰਕਾਰੀ ਸਕੂਲਾਂ ਲਈ ਵੱਡੀ ਮੁਸੀਬਤ ਬਣਦੇ ਨਜ਼ਰ ਆ ਰਹੇ ਹਨ। ਬਰਨਾਲਾ ਜ਼ਿਲ੍ਹੇ ਦੇ ਨੇੜਲੇ ਪਿੰਡਾਂ ਨੰਗਲ ਅਤੇ ਠੁੱਲੇਵਾਲ ਦੇ ਸਰਕਾਰੀ ਹਾਈ ਸਕੂਲਾਂ ’ਚ ਪ੍ਰੀਪੇਡ ਮੀਟਰਾਂ ਦਾ ਬੈਲੇਂਸ ਖ਼ਤਮ ਹੋਣ ਕਾਰਨ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਅਤੇ ਸਕੂਲਾਂ ਦੀਆਂ ਬੁਨਿਆਦੀ ਸਹੂਲਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ। ਜਾਣਕਾਰੀ ਅਨੁਸਾਰ ਪਿੰਡ ਠੁੱਲੇਵਾਲ ਦੇ ਸਕੂਲ ਦੀ ਬਿਜਲੀ ਕਰੀਬ 30 ਅਪ੍ਰੈਲ ਤੋਂ ਬੰਦ ਹੈ, ਜਦਕਿ ਨੰਗਲ ਸਕੂਲ ਦੀ ਸਪਲਾਈ 6 ਮਈ ਤੋਂ ਕੱਟੀ ਹੋਈ ਹੈ। ਸਕੂਲ ਸਟਾਫ਼ ਵੱਲੋਂ ਬਿਜਲੀ ਵਿਭਾਗ ਨਾਲ ਸੰਪਰਕ ਕਰਨ ‘ਤੇ ਦੱਸਿਆ ਗਿਆ ਕਿ ਰੀਚਾਰਜ ਹੋਣ ਉਪਰੰਤ ਹੀ ਬਿਜਲੀ ਮੁੜ ਚਾਲੂ ਹੋਵੇਗੀ।
ਜਾਣਕਾਰੀ ਮੁਤਾਬਕ ਠੁੱਲੇਵਾਲ ਸਕੂਲ ਦਾ ਕਰੀਬ 2000 ਰੁਪਏ ਅਤੇ ਨੰਗਲ ਸਕੂਲ ਦਾ ਲਗਭਗ 4900 ਰੁਪਏ ਬਕਾਇਆ ਹੈ। ਫੰਡਾਂ ਦੀ ਘਾਟ ਕਾਰਨ ਸਕੂਲ ਇਹ ਰਕਮ ਭਰਨ ਤੋਂ ਅਸਮਰਥ ਹਨ, ਜਿਸ ਕਰਕੇ ਮਾਮਲਾ ਸਿੱਖਿਆ ਵਿਭਾਗ ਤੱਕ ਪਹੁੰਚਾਇਆ ਗਿਆ ਹੈ। ਬਿਜਲੀ ਬੰਦ ਹੋਣ ਨਾਲ ਸਕੂਲਾਂ ’ਚ ਪੀਣ ਵਾਲੇ ਪਾਣੀ ਲਈ ਲੱਗੇ ਸਮਰਸੀਬਲ ਪੰਪ ਵੀ ਬੰਦ ਪਏ ਹਨ। ਇਸ ਤੋਂ ਇਲਾਵਾ ਪੱਖੇ, ਕੰਪਿਊਟਰ ਲੈਬ, ਸਮਾਰਟ ਕਲਾਸਰੂਮ ਅਤੇ ਆਨਲਾਈਨ ਸਿਸਟਮ ਵੀ ਠੱਪ ਹੋ ਚੁੱਕੇ ਹਨ। ਚੜ੍ਹਦੀ ਗਰਮੀ ’ਚ ਬਿਨਾਂ ਪੱਖਿਆਂ ਦੇ ਬੱਚਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੀਟੀਐਫ ਦੇ ਜ਼ਿਲ੍ਹਾ ਆਗੂ ਰਾਜੀਵ ਕੁਮਾਰ ਨੇ ਕਿਹਾ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਸਰਕਾਰ ਅਤੇ ਸੰਬੰਧਿਤ ਵਿਭਾਗ ਤੁਰੰਤ ਇਸ ਮਸਲੇ ਦਾ ਹੱਲ ਕਰਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸਮੱਸਿਆ ਦਾ ਫੌਰੀ ਨਿਪਟਾਰਾ ਨਾ ਕੀਤਾ ਗਿਆ ਤਾਂ ਹੋਰ ਸਕੂਲ ਵੀ ਇਸ ਸੰਕਟ ਦਾ ਸ਼ਿਕਾਰ ਹੋ ਸਕਦੇ ਹਨ।ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਰਨਾਲਾ ਸੁਨੀਤਇੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਪਾਵਰਕਾਮ ਨਾਲ ਗੱਲਬਾਤ ਕਰਕੇ ਜਲਦ ਬਿਜਲੀ ਸਪਲਾਈ ਮੁੜ ਚਾਲੂ ਕਰਵਾਈ ਜਾਵੇਗੀ।