ਬਿੱਟੂ ਦੇ ਕਾਫਲੇ ਨੂੰ ਪੁਲਿਸ ਨੇ ਰੋਕਿਆ, ਬੋਲੇ- ਲੋਕਤੰਤਰ ਦੀ ਉਲੰਘਣਾ ਕਰ ਕੇ ਚੋਣ ਜਿੱਤਣ ਦੀ ਫਿਰਾਕ ’ਚ ‘ਆਪ’
ਬਿੱਟੂ ਨੇ ਪੁਲਿਸ ਤੋਂ ਪੁੱਛਿਆ ਕਿ ਪ੍ਰੋ. ਓਂਕਾਰ ਸਿੰਘ ਸਿੱਧੂ ਨੂੰ ਕਿੱਥੇ ਰੱਖਿਆ ਗਿਆ ਹੈ। ਇਕ ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੰਗਰੂਰ ਦੇ ਇਕ ਰੈਸਟ ਹਾਊਸ ’ਚ ਲਿਜਾਇਆ ਗਿਆ ਹੈ। ਇਸ ਤੋਂ ਬਾਅਦ ਬਿੱਟੂ ਆਪਣੇ ਕਾਫਲੇ ਨਾਲ ਸੰਗਰੂਰ ਦੇ ਰੈਸਟ ਹਾਊਸ ਪਹੁੰਚ ਗਏ।
Publish Date: Wed, 27 May 2026 08:22 AM (IST)
Updated Date: Wed, 27 May 2026 08:29 AM (IST)
ਜਾਗਰਣ ਸੰਵਾਦਦਾਤਾ, ਸੰਗਰੂਰ : ਸੀਨੀਅਰ ਭਾਜਪਾ ਆਗੂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਬਕਾ ਓਐੱਸਡੀ ਪ੍ਰੋ. ਓਂਕਾਰ ਸਿੰਘ ਨੂੰ ਪੁਲਿਸ ਵੱਲੋਂ ਨਗਰ ਕੌਂਸਲ ਚੋਣਾਂ ਦੌਰਾਨ ਹਿਰਾਸਤ ’ਚ ਲਏ ਜਾਣ ਦਾ ਮਾਮਲਾ ਮੰਗਲਵਾਰ ਨੂੰ ਉਸ ਵੇਲੇ ਗਰਮਾ ਗਿਆ, ਜਦੋਂ ਓਂਕਾਰ ਸਿੰਘ ਨਾਲ ਮੁਲਾਕਾਤ ਕਰਨ ਲਈ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸੰਗਰੂਰ ਤੋਂ ਧੂਰੀ ਵੱਲ ਰਵਾਨਾ ਹੋਏ। ਐੱਸਐੱਸਪੀ ਸੰਗਰੂਰ ਡਾ. ਰਵਜੋਤ ਗਰੇਵਾਲ, ਐੱਸਪੀ ਦਵਿੰਦਰ ਸਿੰਘ ਅਤਰੀ, ਡੀਐੱਸਪੀ ਧੂਰੀ ਸਮੇਤ ਪੁਲਿਸ ਨੇ ਧੂਰੀ ਸ਼ਹਿਰ ਤੋਂ ਕੁਝ ਕਿਲੋਮੀਟਰ ਪਹਿਲਾਂ ਹੀ ਮੇਨ ਰੋਡ ’ਤੇ ਵਾਹਨ ਖੜ੍ਹੇ ਕਰ ਕੇ ਰਸਤਾ ਬੰਦ ਕਰ ਕੇ ਬਿੱਟੂ ਦੇ ਕਾਫਲੇ ਨੂੰ ਰੋਕ ਲਿਆ। ਪੁਲਿਸ ਤੇ ਬਿੱਟੂ ਵਿਚਾਲੇ ਤਕਰਾਰ ਹੋਈ। ਬਿੱਟੂ ਨੇ ਪੁਲਿਸ ਤੋਂ ਪੁੱਛਿਆ ਕਿ ਪ੍ਰੋ. ਓਂਕਾਰ ਸਿੰਘ ਸਿੱਧੂ ਨੂੰ ਕਿੱਥੇ ਰੱਖਿਆ ਗਿਆ ਹੈ। ਇਕ ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੰਗਰੂਰ ਦੇ ਇਕ ਰੈਸਟ ਹਾਊਸ ’ਚ ਲਿਜਾਇਆ ਗਿਆ ਹੈ। ਇਸ ਤੋਂ ਬਾਅਦ ਬਿੱਟੂ ਆਪਣੇ ਕਾਫਲੇ ਨਾਲ ਸੰਗਰੂਰ ਦੇ ਰੈਸਟ ਹਾਊਸ ਪਹੁੰਚ ਗਏ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕਾ ਧੂਰੀ ’ਚ ਨਗਰ ਕੌਂਸਲ ਚੋਣ ਜਿੱਤਣ ਲਈ ਸਰਕਾਰ ਗੁੰਡਾਗਰਦੀ ਕਰ ਰਹੀ ਹੈ। ਧੂਰੀ ਦੇ ਵਾਰਡ-9 ਤੋਂ ਭਾਜਪਾ ਉਮੀਦਵਾਰ ਪ੍ਰਿਆ ਦੇ ਪਤੀ ਬਬਲੂ ਨੂੰ ਵੀ ਧਮਕੀਆਂ ਮਿਲ ਰਹੀਆਂ ਹਨ। ਸਰਕਾਰ ਧੂਰੀ ’ਚ ਲੋਕਤੰਤਰ ਦਾ ਕਤਲ ਕਰ ਕੇ ਗ਼ਲਤ ਤਰੀਕੇ ਨਾਲ ਚੋਣ ਜਿੱਤਣਾ ਚਾਹੁੰਦੀ ਹੈ। ਉਹ ਇਸ ਧੱਕੇਸ਼ਾਹੀ ਖ਼ਿਲਾਫ਼ ਕੋਰਟ ਤੋਂ ਲੈ ਕੇ ਪੰਜਾਬ ਚੋਣ ਕਮਿਸ਼ਨ ਤੱਕ ਜਾਣਗੇ। ਉਨ੍ਹਾਂ ਕਿਹਾ ਕਿ ਧੱਕੇਸ਼ਾਹੀ ਤੇ ਗੁੰਡਾਗਰਦੀ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸਰਕਾਰ ਲੋਕਾਂ ਵਿਚੋਂ ਆਪਣਾ ਆਧਾਰ ਗੁਆ ਚੁੱਕੀ ਹੈ। ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਲੋਕ ‘ਆਪ’ ਨੂੰ ਸਬਕ ਸਿਖਾਉਣਗੇ।