ਜੁਗਾੜੂ ਰੇਹੜੀਆਂ ’ਤੇ ਪੁਲਿਸ ਦਾ ਸ਼ਿਕੰਜਾ
ਸੁਨਾਮ ’ਚ ਜੁਗਾੜੂ ਰੇਹੜੀਆਂ ਤੇ ਪੁਲਿਸ ਦਾ ਸ਼ਿਕੰਜਾ
Publish Date: Wed, 03 Dec 2025 05:49 PM (IST)
Updated Date: Wed, 03 Dec 2025 05:50 PM (IST)
- ਦਰਜਨ ਦੇ ਕਰੀਬ ਰੇਹੜੀ ਚਾਲਕਾਂ ਨੂੰ ਹਿਰਾਸਤ ’ਚ ਲਿਆ
- ਗੈਰ ਕਾਨੂੰਨੀ ਵਾਹਨਾਂ ਨੂੰ ਰੋਕਣ ਲਈ ਮਾਣਯੋਗ ਅਦਾਲਤ ਦੇ ਹੁਕਮ : ਥਾਣਾ ਮੁਖੀ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ
ਸੁਨਾਮ : ਥਾਣਾ ਸ਼ਹਿਰੀ ਸੁਨਾਮ ਦੀ ਪੁਲਿਸ ਨੇ ਸ਼ਹਿਰ ਅੰਦਰ ਬੇਝਿਜਕ ਚੱਲ ਰਹੀਆਂ ਜੁਗਾੜੂ ਰੇਹੜੀਆਂ ਵਾਲਿਆਂ ’ਤੇ ਸ਼ਿਕੰਜਾ ਕਸਦਿਆਂ ਦਰਜਨ ਦੇ ਕਰੀਬ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਵਾਹਨਾਂ ਨੂੰ ਰੋਕਣ ਲਈ ਮਾਣਯੋਗ ਅਦਾਲਤਾਂ ਦੇ ਹੁਕਮਾਂ ਦੀ ਤਾਮੀਲ ਕੀਤੀ ਗਈ ਹੈ।
ਬੁੱਧਵਾਰ ਨੂੰ ਸੁਨਾਮ ਵਿਖੇ ਜੁਗਾੜੂ ਰੇਹੜੀਆਂ ਵਾਲਿਆਂ ਨੇ ਪੁਲਿਸ ਦੀ ਸਖ਼ਤੀ ਦੇ ਚੱਲਦਿਆਂ ਸ਼ਹੀਦ ਊਧਮ ਸਿੰਘ ਮੋਟਰਸਾਈਕਲ ਰੇਹੜੀ ਐਸੋਸੀਏਸ਼ਨ ਸੁਨਾਮ ਦੇ ਸੱਦੇ ਤਹਿਤ ਨਵੀਂ ਅਨਾਜ ਮੰਡੀ ਵਿਖੇ ਇਕੱਤਰ ਹੋਣ ਦਾ ਸੱਦਾ ਦਿੱਤਾ ਸੀ ਪਰ ਇਸੇ ਦੌਰਾਨ ਥਾਣਾ ਸ਼ਹਿਰੀ ਸੁਨਾਮ ਦੀ ਪੁਲਿਸ ਨੇ ਕੁਝ ਇੱਕ ਜੁਗਾੜੂ ਰੇਹੜੀਆਂ ਵਾਲਿਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਬਾਕੀ ਉੱਥੋਂ ਨਿਕਲ ਗਏ। ਜੁਗਾੜੂ ਰੇਹੜੀਆਂ ਵਾਲਿਆਂ ਦਾ ਕਹਿਣਾ ਹੈ ਕਿ ਉਹ ਇਸ ਜ਼ਰੀਏ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਹਨ। ਪੁਲਿਸ ਦੀ ਸਖ਼ਤੀ ਕਾਰਨ ਅੱਜ ਸ਼ਹਿਰ ਅੰਦਰ ਜੁਗਾੜੂ ਰੇਹੜੀਆਂ ਕਿਧਰੇ ਨਜ਼ਰ ਨਹੀਂ ਆਈਆਂ, ਜਿਸ ਕਾਰਨ ਲੋਕਾਂ ਨੂੰ ਵੀ ਢੋਅ-ਢੁਆਈ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਜਦੋਂ ਇਸ ਸਬੰਧੀ ਥਾਣਾ ਸ਼ਹਿਰੀ ਸੁਨਾਮ ਦੇ ਮੁਖੀ ਇੰਸਪੈਕਟਰ ਪ੍ਰਤੀਕ ਜਿੰਦਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀਆਂ ਜੁਗਾੜੂ ਰੇਹੜੀਆਂ ਵਾਲਿਆਂ ਵੱਲੋਂ ਅਨਾਜ਼ ਮੰਡੀ ਸੁਨਾਮ ਵਿੱਚ ਮੀਟਿੰਗ ਕਰਕੇ ਸ਼ਹਿਰ ਵਿੱਚ ਮੋਟਰਸਾਈਕਲ ਰੇਹੜੀਆਂ ’ਤੇ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਸੀ. ਜੋ ਸਰਾਸਰ ਗੈਰ ਕਾਨੂੰਨੀ ਹੈ। ਉਨ੍ਹਾਂ ਆਖਿਆ ਕਿ ਗੈਰ ਕਾਨੂੰਨੀ ਵਾਹਨਾਂ ਨੂੰ ਰੋਕਣ ਲਈ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਤਾਮੀਲ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਉਂਝ ਕਿਸੇ ਨੂੰ ਤੰਗ ਪਰੇਸ਼ਾਨ ਕਰਨ ਦਾ ਪੁਲਿਸ ਦਾ ਕੋਈ ਇਰਾਦਾ ਨਹੀਂ ਹੈ।