ਆਮ ਆਦਮੀ ਪਾਰਟੀ ਦੇ ਹਲਕਾ ਹਰਿੰਦਰ ਸਿੰਘ ਧਾਲੀਵਾਲ ਨੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਦੌਰਾਨ ਬਰਨਾਲਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਹੱਕ ’ਚ ਬਹੁਤ ਵੱਡਾ ਫਤਵਾ ਦੇ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਐਮਪੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕੀਤੇ ਗਏ ਕੰਮਾਂ ’ਤੇ ਮੋਹਰ ਲਗਾਈ ਹੈ। ਆਮ ਆਦਮੀ ਪਾਰਟੀ ਇਨ੍ਹਾਂ ਨਿਗਮ ਚੋਣਾਂ ’ਚ ਵੱਡੀ ਲੀਡ ਨਾਲ ਜਿੱਤੀ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਨਗਰ ਨਿਗਮ ਚੋਣਾਂ ’ਚ ਆਦਮੀ ਪਾਰਟੀ ਦੇ ਵੱਡੀ ਗਿਣਤੀ ’ਚ ਵਰਕਰਾਂ ਦੀ ਜਿੱਤ ਨਾਲ ਵਿਰੋਧੀ ਪਾਰਟੀਆਂ ਪੂਰੀ ਤਰ੍ਹਾਂ ਨਾਲ ਬੁਖ਼ਲਾਹਟ ’ਚ ਆ ਚੁੱਕੀਆਂ ਹਨ ਤੇ ਗੰਦੀ ਰਾਜਨੀਤੀ ’ਤੇ ਉੱਤਰ ਆਈਆਂ ਹਨ। ਇਨ੍ਹਾ ਸਬ਼ਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਹਰਿੰਦਰ ਸਿੰਘ ਧਾਲੀਵਾਲ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਬਰਨਾਲਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਹੱਕ ’ਚ ਬਹੁਤ ਵੱਡਾ ਫਤਵਾ ਦੇ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਐਮਪੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕੀਤੇ ਗਏ ਕੰਮਾਂ ’ਤੇ ਮੋਹਰ ਲਗਾਈ ਹੈ। ਆਮ ਆਦਮੀ ਪਾਰਟੀ ਇਨ੍ਹਾਂ ਨਗਰ ਨਿਗਮ ਚੋਣਾਂ ’ਚ ਬਹੁਤ ਵੱਡੀ ਲੀਡ ਨਾਲ ਜਿੱਤੀ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟਆਂ ਵਲੋਂ ਉਨ੍ਹਾਂ ’ਤੇ ਚੋਣਾਂ ਸਮੇਂ ਤੋਂ ਹੀ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ ਤੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਦਾ ਨਤੀਜਾ ਉਨ੍ਹਾਂ ਨੂੰ ਇਨ੍ਹਾਂ ਚੋਣ ਨਤੀਜਿਆਂ ’ਚ ਮਿਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਇਲਜ਼ਾਮ ਹੈ ਕਿ ਚੋਣਾਂ ’ਚ ਧੱਕੇਸ਼ਾਹੀ ਕੀਤੀ ਗਈ ਹੈ, ਪਰ ਜੇਕਰ ਧੱਕੇਸ਼ਾਹੀ ਹੁੰਦੀ ਤਾਂ ਉਨ੍ਹਾਂ ਦੀ ਪਾਰਟੀ ਦੇ ਸਾਰੇ ਦੇ ਸਾਰੇ ਉਮੀਦਵਾਰ ਚੋਣਾਂ ਜਿੱਤ ਸਕਦੇ ਹਨ ਪਰ ਫਿਰ ਵੀ ਕਈ ਉਮੀਦਵਾਰ ਬਹੁਤ ਘੱਟ ਵੋਟਾਂ ’ਤੇ ਹਾਰੇ ਹਨ। ਉਨ੍ਹਾਂ ਕਿਹਾ ਕਿ ਵੋਟਾਂ ਪੈਣ ਤੋਂ ਲੇਕੇ ਨਤੀਜਿਆਂ ਤਕ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਕੱਲੀ ਇਕੱਲੀ ਚੀਜ਼ ’ਤੇ ਸੀਸੀਟੀਵੀ ਕੈਮਰਿਆਂ ਦੀ ਮੱਦਦ ਨਾਲ ਨਜ਼ਰ ਰੱਖੀ ਗਈ ਹੈ। ਜੇਕਰ ਵਿਰੋਧੀਆਂ ਨੂੰ ਕੋਈ ਸੱਕ ਹੈ ਤਾਂ ਉਹ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕਰਵਾ ਸਕਦੇ ਹਨ ਜਿਸ ਤੋਂ ਬਾਅਦ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ।
ਵੋਟ ਪ੍ਰਕਿਰਿਆ ਦੌਰਾਨ ਵੀ ਹਰੇਕ ਵੋਟਰ ਦਾ ਆਈਡੀ ਪਰੂਫ ਚੈੱਕ ਕੀਤਾ ਜਾਂਦਾ ਹੈ। ਵਿਰੋਧੀ ਪਾਰਟੀਆਂ ਗੰਦੀ ਰਾਜਨੀਤੀ ’ਤੇ ਉੱਤਰ ਆਈਆਂ ਹਨ ਤੇ ਗਲਤ ਇਲਜ਼ਾਮ ਲਗਾ ਰਹੀਆਂ ਹਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਜਿੱਤ ਹਜ਼ਮ ਨਹੀਂ ਆ ਰਹੀ ਹੈ। ਉਨ੍ਹਾਂ ਨੂੰ ਖੁ਼ਸ਼ੀ ਹੈ ਕਿ ਨਗਰ ਨਿਗਮ ਦੀਆਂ ਪਹਿਲੀਆਂ ਚੋਣਾਂ ’ਚ ਬਰਨਾਲਾ ਨੂੰ ਆਮ ਆਦਮੀ ਪਾਰਟੀ ਦਾ ਪਹਿਲਾ ਮੇਅਰ ਨਸੀਬ ਹੋਵੇਗਾ ਜਿਸ ਨਾਲ ਸ਼ਹਿਰ ਦਾ ਵਿਕਾਸ ਹੋਰ ਜ਼ਿਆਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣ ਨਤੀਜਿਆਂ ਨੇ 2027 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਤੇ ਲੋਕਾਂ ’ਤੇ ਮੋਹਰ ਲਗਾ ਦਿੱਤੀ ਹੈ ਤੇ ਵਿਰੋਧੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਅਖ਼ੀਰ ਫਿਰ ਉਨ੍ਹਾਂ ਨੇ ਐਨੀ ਵੱਡੀ ਲੀਡ ਨਾਲ ਜਿੱਤ ’ਤੇ ਬਰਨਾਲਾ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਈਸਵਿੰਦਰ ਸਿੰਘ ਜੰਡੂ, ਪਰਮਜੀਤ ਸਿੰਘ ਜੌਂਟੀ ਮਾਨ ਆਦਿ ਵੀ ਹਾਜ਼ਰ ਸਨ।