90 ਨਸ਼ੇ ਦੀਆਂ ਗੋਲੀਆਂ ਤੇ ਦੇਸੀ ਪਿਸਤੌਲ ਸਮੇਤ ਇੱਕ ਗ੍ਰਿਫ਼ਤਾਰ
90 ਨਸ਼ੀਲੀਆਂ ਗੋਲੀਆਂ ਤੇ ਦੇਸੀ ਪਿਸਤੌਲ ਸਮੇਤ ਇੱਕ ਗ੍ਰਿਫ਼ਤਾਰ
Publish Date: Wed, 21 Jan 2026 04:59 PM (IST)
Updated Date: Wed, 21 Jan 2026 05:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲਕਲਾਂ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ‘ਅਪਰੇਸ਼ਨ ਪਰਾਹਾਰ’ ਤਹਿਤ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਥਾਣਾ ਠੁੱਲੀਵਾਲ ਪੁਲਿਸ ਨੇ ਗਸਤ ਦੌਰਾਨ ਇੱਕ ਨੌਜਵਾਨ ਨੂੰ ਨਸ਼ੀਲੀਆਂ ਗੋਲੀਆਂ ਅਤੇ ਨਾਜਾਇਜ਼ ਹਥਿਆਰ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ। ਇਸ ਸਬੰਧੀ ਥਾਣਾ ਮੁਖੀ ਗੁਰਪਾਲ ਸਿੰਘ ਧਨੌਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਡੀ.ਜੀ.ਪੀ. ਪੰਜਾਬ ਅਤੇ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੁਲਿਸ ਸਬ ਡਿਵੀਜ਼ਨ ਮਹਿਲ ਕਲਾਂ ਦੇ ਡੀਐਸਪੀ ਜਸਪਾਲ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਥਾਣਾ ਠੁੱਲੀਵਾਲ ਪੁਲਿਸ ਵੱਲੋਂ ਗਸ਼ਤ ਅਤੇ ਚੈਕਿੰਗ ਦੌਰਾਨ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ 20 ਜਨਵਰੀ 2026 ਨੂੰ ਪੁਲਿਸ ਪਾਰਟੀ ਪਿੰਡ ਹਮੀਦੀ ਤੋਂ ਲਿੰਕ ਰੋਡ ਰਾਹੀਂ ਗੁਰਦੁਆਰਾ ਜੰਡਸਰ ਸਾਹਿਬ ਵੱਲ ਗਸਤ ਕੀਤੀ ਜਾ ਰਹੀ ਸੀ। ਜਦੋਂ ਪੁਲਿਸ ਪਾਰਟੀ ਸੂਆ ਪੁਲ ਨੇੜੇ ਹੱਦ ਹਮੀਦੀ ਪੁੱਜੀ ਤਾਂ ਸ਼ੱਕ ਦੇ ਆਧਾਰ ’ਤੇ ਇੱਕ ਨੌਜਵਾਨ ਨੂੰ ਰੋਕ ਕੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਵਿਅਕਤੀ ਪਾਸੋਂ 90 ਨਸ਼ੀਲੀਆਂ ਗੋਲੀਆਂ, ਇੱਕ ਦੇਸੀ ਪਿਸਤੌਲ 315 ਬੋਰ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ। ਜਿਸ ਦੀ ਪਹਿਚਾਣ ਲਵਪ੍ਰੀਤ ਸਿੰਘ ਉਰਫ ਜੰਡੂ ਵਾਸੀ ਮਹਿਲ ਖੁਰਦ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਥਾਣਾ ਠੁੱਲੀਵਾਲ ਵਿਖੇ ਮੁਕੱਦਮਾ ਨੰਬਰ 7 ਮਿਤੀ 20/01/2026 ਅਧੀਨ ਧਾਰਾ 22/61/85 ਐਨ.ਡੀ.ਪੀ.ਐਸ. ਐਕਟ ਅਤੇ 25/54/59 ਆਰਮਜ਼ ਐਕਟ ਤਹਿਤ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ’ਚ ਕਈ ਗੰਭੀਰ ਮੁਕੱਦਮੇ ਦਰਜ ਹਨ ਅਤੇ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਜਾਰੀ ਹੈ। ਇਸ ਮੌਕੇ ਏਐਸਆਈ ਅਮਰਜੀਤ ਸਿੰਘ, ਸਿਪਾਹੀ ਦੀਪ ਸਿੰਘ, ਮੁਨਸੀ ਗੁਰਦੀਪ ਸਿੰਘ ਤੋਂ ਇਲਾਵਾ ਹੋਰ ਕਰਮਚਾਰੀ ਵੀ ਹਾਜ਼ਰ ਸਨ।