ਪਿੰਡ ਲੋਹਗੜ ਵਿਖੇ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੀ ਮੀਟਿੰਗ, ਕੰਮ ਨਾ ਮਿਲਣ ’ਤੇ 15 ਮਈ ਨੂੰ ਵੱਡੇ ਸੰਘਰਸ਼ ਦਾ ਐਲਾਨ
ਇਸ ਮੌਕੇ ਜ਼ਿਲ੍ਹਾ ਸਕੱਤਰ ਖੁਸ਼ੀਆ ਸਿੰਘ ਨੇ ਕਿਹਾ ਕਿ ਪਿੰਡਾਂ ’ਚ ਨਰੇਗਾ ਅਧੀਨ ਕੰਮ ਬਹੁਤ ਘੱਟ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਮਜ਼ਦੂਰ ਵਰਗ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਕੰਮ ਦੀ ਮੰਗ ਦੇ ਬਾਵਜੂਦ ਮਜ਼ਦੂਰਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ, ਜਿਸ ਨਾਲ ਘਰਾਂ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਹੈ।
Publish Date: Thu, 07 May 2026 12:47 PM (IST)
Updated Date: Thu, 07 May 2026 12:57 PM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ: ਪਿੰਡ ਲੋਹਗੜ ਵਿਖੇ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੀ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਬਲਵੀਰ ਸਿੰਘ ਲੋਹਗੜ ਵੱਲੋਂ ਕੀਤੀ ਗਈ, ਜਿਸ ਵਿਚ ਯੂਨੀਅਨ ਦੇ ਆਗੂਆਂ ਅਤੇ ਵੱਡੀ ਗਿਣਤੀ ’ਚ ਮਜ਼ਦੂਰਾਂ ਨੇ ਭਾਗ ਲਿਆ। ਇਸ ਮੌਕੇ ਜ਼ਿਲ੍ਹਾ ਸਕੱਤਰ ਖੁਸ਼ੀਆ ਸਿੰਘ ਨੇ ਕਿਹਾ ਕਿ ਪਿੰਡਾਂ ’ਚ ਨਰੇਗਾ ਅਧੀਨ ਕੰਮ ਬਹੁਤ ਘੱਟ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਮਜ਼ਦੂਰ ਵਰਗ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਕੰਮ ਦੀ ਮੰਗ ਦੇ ਬਾਵਜੂਦ ਮਜ਼ਦੂਰਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ, ਜਿਸ ਨਾਲ ਘਰਾਂ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਹੈ। ਮੀਟਿੰਗ ਦੌਰਾਨ ਸਮਾਜਸੇਵੀ ਭਾਨ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਨਰੇਗਾ ਮਜ਼ਦੂਰਾਂ ਲਈ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਮਜ਼ਦੂਰੀ ਦਰ ਵਧਾਉਣ ਦਾ ਐਲਾਨ ਤਾਂ ਕੀਤਾ ਗਿਆ ਸੀ ਪਰ ਅਜੇ ਵੀ ਮਜ਼ਦੂਰਾਂ ਨੂੰ ਲਗਭਗ 13,500 ਰੁਪਏ ਹੀ ਮਿਲ ਰਹੇ ਹਨ, ਜਦਕਿ ਯੂਨੀਅਨ ਵੱਲੋਂ 16,000 ਰੁਪਏ ਮਹੀਨਾ ਤਨਖਾਹ ਦੀ ਮੰਗ ਕੀਤੀ ਜਾ ਰਹੀ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਗਰੀਬ ਪਰਿਵਾਰਾਂ ਲਈ ਕੀਤੀਆਂ ਹੋਰ ਐਲਾਨ ਵੀ ਅਜੇ ਤੱਕ ਕਾਗਜ਼ਾਂ ਤੱਕ ਹੀ ਸੀਮਿਤ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ, ਹਸਪਤਾਲਾਂ ਅਤੇ ਹੋਰ ਸੁਵਿਧਾਵਾਂ ਦੇ ਵੱਡੇ ਦਾਅਵੇ ਕੀਤੇ ਗਏ ਸਨ, ਪਰ ਜ਼ਮੀਨੀ ਹਕੀਕਤ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਇਆ। ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਜੇ 15 ਮਈ ਤੱਕ ਮਜ਼ਦੂਰਾਂ ਨੂੰ ਪੂਰਾ ਰੋਜ਼ਗਾਰ ਅਤੇ ਮੰਗਾਂ ਦਾ ਹੱਲ ਨਾ ਮਿਲਿਆ ਤਾਂ 15 ਮਈ ਨੂੰ ਬਲਾਕ ਪੱਧਰ ’ਤੇ ਵੱਡਾ ਧਰਨਾ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਹੋਰ ਆਗੂਆਂ ਸਮੇਤ ਕੌਰ ਸਿੰਘ,ਅਜੈ ਮਹਿਤਾ ਅਤੇ ਕਈ ਹੋਰ ਮਜ਼ਦੂਰ ਹਾਜ਼ਰ ਸਨ। ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰਹੇਗਾ ਅਤੇ ਲੋੜ ਪਈ ਤਾਂ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ।