ਬਜ਼ੁਰਗ ਦੀ ਲਾਸ਼ ਲਿਆ ਕੇ ਘਰ ’ਤੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼
ਬਜ਼ੁਰਗ ਦੀ ਲਾਸ਼ ਲਿਆ ਕੇ ਘਰ ਤੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼
Publish Date: Sat, 17 Jan 2026 07:33 PM (IST)
Updated Date: Sun, 18 Jan 2026 04:16 AM (IST)

:: ਬੱਚੇ ਦੀ ਕੁੱਟਮਾਰ ਕਰ ਕੇ ਲਾਸ਼ ਨੂੰ ਘਰ ’ਚ ਕਰਵਾਇਆ ਇਸ਼ਨਾਨ :: ਮੁਹੱਲਾ ਨਿਵਾਸੀਆਂ ਨੇ ਕੀਤਾ ਵਿਰੋਧ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਤਪਾ ਦੇ ਬਾਬਾ ਮਠ ਨਜ਼ਦੀਕ ਪੰਡਤਾਂ ਵਾਲੇ ਮਹੱਲੇ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਕੁਝ ਵਿਅਕਤੀਆਂ ਨੇ ਇਕ ਬਜ਼ੁਰਗ ਦੀ ਲਾਸ਼ ਲਿਆ ਕੇ ਬੱਚੇ ਦੀ ਕੁੱਟਮਾਰ ਕਰ ਕੇ ਘਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਤਕਰੀਬਨ 15 ਦੇ ਕਰੀਬ ਵਿਅਕਤੀ ਇਕੱਠੇ ਹੋ ਕੇ ਲਾਸ਼ ਨੂੰ ਲੈ ਕੇ ਆਏ ਤੇ ਜਬਰਦਸਤੀ ਘਰ ਵਿਚ ਰੱਖ ਕੇ ਬੱਚੇ ਦੀ ਕੁੱਟਮਾਰ ਅਤੇ ਭੰਨ ਤੋੜ ਕਰ ਕੇ ਘਰ ਵਿਚ ਹੀ ਬਜ਼ੁਰਗ ਨੂੰ ਇਸ਼ਨਾਨ ਕਰਾ ਕੇ ਸੰਸਕਾਰ ਦੀ ਤਿਆਰੀ ਕਰਨ ਲੱਗ ਪਏ ਜਿਸ ’ਤੇ ਮੁਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਇਸਦਾ ਡਟਵਾਂ ਵਿਰੋਧ ਕੀਤਾ ਤੇ ਨਾਅਰੇਬਾਜ਼ੀ ਕੀਤੀ। ਜਦ ਕਿ ਇਹ ਮਸਲਾ ਆਪਸ ’ਚ ਪਰਿਵਾਰਿਕ ਦੱਸਿਆ ਜਾ ਰਿਹਾ ਹੈ। ਮੌਕੇ ’ਤੇ ਇਕੱਠੇ ਹੋਏ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਬਜ਼ੁਰਗ ਮਾੜਾ ਰਾਮ ਜੋ ਕਿ ਪਿਛਲੇ ਕਈ ਸਾਲਾਂ ਤੋਂ ਪਟਿਆਲਾ ਵਿਖੇ ਰਹਿ ਰਿਹਾ ਸੀ, ਦੇ ਸਕੇ ਸਬੰਧੀਆਂ ਨੇ ਮਰਨ ਬਾਅਦ ਉਸਦੀ ਲਾਸ਼ ਚੁੱਕ ਕੇ ਤਪਾ ਲਿਆਂਦੀ ਜਿੱਥੇ ਉਨ੍ਹਾਂ ਮਕਾਨ ਅੰਦਰ ਰਹਿ ਰਹੇ ਬੱਚੇ ਦੀ ਕੁੱਟਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ ਤੇ ਘਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਬਜ਼ੁਰਗਾਂ ਦਾ ਸੰਸਕਾਰ ਤਪਾ ਵਿਖੇ ਕਰਨਾ ਹੈ। ਜਿਸਦਾ ਮਹੱਲਾ ਵਾਸੀਆਂ ਨੇ ਵਿਰੋਧ ਕੀਤਾ। ਕਿਉਂਕਿ ਬਜ਼ੁਰਗ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਟਿਆਲਾ ਵਿਖੇ ਰਹਿ ਰਿਹਾ ਸੀ। ਮਾਹੌਲ ਖਰਾਬ ਹੁੰਦੇ ਦੇਖ ਨਜ਼ਦੀਕੀ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਤਪਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਮੁਖੀ ਸ਼ਰੀਫ ਖਾਨ ਅਤੇ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਮੁਹੱਲਾ ਨਿਵਾਸੀਆਂ ਦੀ ਗੱਲਬਾਤ ਸੁਣੀ। ਜਿਸ ’ਤੇ ਥਾਣਾ ਮੁਖੀ ਨੇ ਸਥਿਤੀ ਤੋਂ ਸੰਭਾਲਦੇ ਹੋਏ ਉਕਤ ਵਿਅਕਤੀਆਂ ਨੂੰ ਇੱਥੋਂ ਲਾਸ਼ ਚੁੱਕ ਕੇ ਵਾਪਸ ਪਟਿਆਲੇ ਜਾਣ ਲਈ ਕਿਹਾ। ਮੁਹੱਲਾ ਨਿਵਾਸੀਆਂ ਦੇ ਦੱਸਣ ਅਨੁਸਾਰ ਇਨ੍ਹਾਂ ਪਰਿਵਾਰਾਂ ਚ ਪਹਿਲਾਂ ਤੋਂ ਹੀ ਕੋਈ ਆਪਸੀ ਪ੍ਰੋਪਰਟੀ ਵਿਵਾਦ ਚੱਲ ਰਿਹਾ ਹੈ। ਜਦ ਇਸ ਸਬੰਧੀ ਥਾਣਾ ਮੁਖੀ ਸ਼ਰੀਫ ਖਾਨ ਨਾਲ ਗੱਲ ਕੀਤੀ ਤੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਕੇ ਦੋਸ਼ੀਆਂ ਵਿਰੁੱਧ ਬਣਨ ਕਾਰਵਾਈ ਕੀਤੀ ਜਾਵੇਗੀ ਅਤੇ ਮਾਮਲੇ ਵਿਚ ਵਰਤੇ ਵਾਹਣ ਕਬਜ਼ੇ ਵਿਚ ਲਏ ਜਾਣਗੇ।