ਗੋਡਾ ਬਦਲਣ ’ਚ ਵਰਤੀ ਜਾ ਰਹੀ ਨੈਵੀਗੇਸ਼ਨ ਤਕਨੀਕ : ਡਾ. ਸ਼ਰਮਾ
ਬਰਨਾਲਾ ’ਚ ਨਵੀਂ ਨਮੀ (ਨੈਵੀਗੇਸ਼ਨ) ਤਕਨੀਕ ਨਾਲ ਗੋਡਾ ਬਦਲਣ ਦੀ ਆਧੁਨਿਕ ਵਿਧੀ:ਡਾ ਕਰਨ ਸ਼ਰਮਾ
Publish Date: Wed, 17 Dec 2025 04:23 PM (IST)
Updated Date: Wed, 17 Dec 2025 04:24 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਪ੍ਰਦੀਪ ਹਸਪਤਾਲ ’ਚ ਗੋਡਾ ਬਦਲਣ ਲਈ ਨਵੀਂ ਨਮੀ (ਨੈਵੀਗੇਸ਼ਨ) ਤਕਨੀਕ ਸਫ਼ਲਤਾਪੂਰਵਕ ਵਰਤੀ ਜਾ ਰਹੀ ਹੈ, ਜਿਸ ਨਾਲ ਮਰੀਜ਼ਾਂ ਨੂੰ ਘੱਟ ਚੀਰ-ਫਾੜ, ਘੱਟ ਦਰਦ ਅਤੇ ਤੇਜ਼ੀ ਨਾਲ ਸੁਧਾਰ ਦਾ ਲਾਭ ਮਿਲ ਰਿਹਾ ਹੈ। ਇਸ ਆਧੁਨਿਕ ਵਿਧੀ ਬਾਰੇ ਜਾਣਕਾਰੀ ਦਿੰਦਿਆਂ ਡਾ. ਕਰਨ ਸ਼ਰਮਾ ਐੱਮਬੀਬੀਐੱਸ, ਐੱਮਐੱਸ, ਐੱਮਸੀਐੱਚ (ਆਰਥੋ) ਨੇ ਦੱਸਿਆ ਕਿ ਇਹ ਤਕਨੀਕ ਪੂਰੀ ਤਰ੍ਹਾਂ ਕੰਪਿਊਟਰਾਈਜ਼ਡ ਹੁੰਦੀ ਹੈ, ਜਿਸ ’ਚ ਮਸ਼ੀਨ ਰਾਹੀਂ ਸਹੀ ਮਾਪ ਅਤੇ ਕੋਣ ਤੈਅ ਕਰ ਕੇ ਸਰਜਰੀ ਕੀਤੀ ਜਾਂਦੀ ਹੈ। ਡਾ. ਕਰਨ ਸ਼ਰਮਾ ਨੇ ਕਿਹਾ ਕਿ ਨਮੀ ਤਕਨੀਕ ਨਾਲ ਕੀਤੀ ਗਈ ਸਰਜਰੀ ’ਚ ਵੱਡੀ ਚੀਰ-ਫਾੜ ਦੀ ਲੋੜ ਨਹੀਂ ਪੈਂਦੀ। ਸਾਰੀ ਕਾਰਵਾਈ ਮਸ਼ੀਨ ਰਾਹੀਂ ਰਿਮੋਟ ਤਰੀਕੇ ਨਾਲ ਕੰਟਰੋਲ ਰਹਿੰਦੀ ਹੈ ਅਤੇ ਸਰਜਨ ਵੱਲੋਂ ਸਿਰਫ਼ ਕਮਾਂਡ ਦਿੱਤੀ ਜਾਂਦੀ ਹੈ। ਇਸ ਨਾਲ ਗਲਤੀ ਦੀ ਸੰਭਾਵਨਾ ਘੱਟ ਹੁੰਦੀ ਹੈ ਅਤੇ ਗੋਡੇ ਦੀ ਫਿਟਿੰਗ ਬਿਲਕੁਲ ਸਹੀ ਢੰਗ ਨਾਲ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਰਦੀਪ ਹਸਪਤਾਲ ਆਧੁਨਿਕ ਤਕਨੀਕੀ ਮਸ਼ੀਨਰੀ ਨਾਲ ਲੈਸ ਹੈ ਅਤੇ ਨੇੜਲੇ ਕਈ ਜ਼ਿਲਿ੍ਹਆਂ ਵਿੱਚ ਇਹ ਤਕਨੀਕ ਮੌਜੂਦ ਨਹੀਂ। ਇੱਥੇ ਉਹ ਮਰੀਜ਼ ਵੀ ਸਫ਼ਲਤਾਪੂਰਵਕ ਠੀਕ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਗੋਡੇ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਹੁੰਦੇ ਹਨ, ਭਾਵੇਂ ਗੋਡੇ ਵਿੰਗੇ ਹੋਣ ਜਾਂ ਮਰੀਜ਼ ਤੁਰਨ ਦੇ ਯੋਗ ਨਾ ਰਹੇ ਹੋਣ। ਡਾ. ਕਰਨ ਸ਼ਰਮਾ ਅਨੁਸਾਰ ਨਵੀਂ ਨਮੀ ਤਕਨੀਕ ਨਾਲ ਗੋਡਾ ਬਦਲਣ ਤੋਂ ਬਾਅਦ ਮਰੀਜ਼ ਦੂਜੇ ਦਿਨ ਤੋਂ ਹੀ ਤੁਰਨਾ ਸ਼ੁਰੂ ਕਰ ਦਿੰਦੇ ਹਨ। ਘੱਟ ਖੂਨ ਵਹਿਣਾ, ਘੱਟ ਇਨਫੈਕਸ਼ਨ ਦਾ ਖ਼ਤਰਾ ਅਤੇ ਜਲਦੀ ਘਰ ਵਾਪਸੀ ਇਸ ਤਕਨੀਕ ਦੀਆਂ ਵੱਡੀਆਂ ਖੂਬੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਮਰੀਜ਼ ਨੂੰ ਮੁੜ ਆਮ ਜੀਵਨ ਵੱਲ ਤੇਜ਼ੀ ਨਾਲ ਲਿਆਂਦਾ ਜਾ ਸਕਦਾ ਹੈ, ਜੋ ਆਰਥੋਪੈਡਿਕ ਇਲਾਜ ਦੇ ਖੇਤਰ ’ਚ ਇੱਕ ਵੱਡੀ ਪ੍ਰਾਪਤੀ ਹੈ।