ਟਰਾਈਡੈਂਟ ਗਰੁੱਪ ਦਾ ਮੈਗਾ ਮੈਡੀਕਲ ਕੈਂਪ ਬਣਿਆ 'ਮਿੰਨੀ ਸੀਐੱਮਸੀ' ਹਸਪਤਾਲ
ਟਰਾਈਡੈਂਟ ਗਰੁੱਪ ਦਾ ਮੈਗਾ ਮੈਡੀਕਲ ਕੈਂਪ ਬਣਿਆ 'ਮਿੰਨੀ ਸੀ.ਐੱਮ.ਸੀ' ਹਸਪਤਾਲ
Publish Date: Thu, 04 Dec 2025 05:02 PM (IST)
Updated Date: Fri, 05 Dec 2025 04:06 AM (IST)

ਬਿਮਾਰ ਤੇ ਮਹਿੰਗੇ ਇਲਾਜ ਤੋਂ ਸੱਖਣੇ ਲੋਕਾਂ ਲਈ ਜੀਵਨ ਦੀ ਨਵੀਂ ਉਮੀਦ ਬਣ ਕੇ ਉੱਭਰਿਆ ਟਰਾਈਡੈਂਟ ਗਰੁੱਪ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਮਨੁੱਖਤਾ ਦੀ ਸੇਵਾ ਨੂੰ ਸਮਰਪਿਤ, ਟਰਾਈਡੈਂਟ ਗਰੁੱਪ ਦੁਆਰਾ ਬਰਨਾਲਾ ਦੀ ਧਰਤੀ ’ਤੇ ਲਗਾਇਆ ਗਿਆ ਮੈਗਾ ਮੈਡੀਕਲ ਕੈਂਪ ਹੁਣ ਸਿਰਫ਼ ਇੱਕ ਸਿਹਤ ਪਹਿਲਕਦਮੀ ਨਹੀਂ ਰਿਹਾ, ਸਗੋਂ ਇਹ ਦੁਖੀ ਅਤੇ ਬਿਮਾਰ ਲੋਕਾਂ ਲਈ ਜੀਵਨ ਦੀ ਨਵੀਂ ਉਮੀਦ ਬਣ ਕੇ ਉੱਭਰਿਆ ਹੈ। 29 ਅਕਤੂਬਰ ਤੋਂ ਸ਼ੁਰੂ ਹੋਏ ਇਸ ਸਿਹਤ ਮਹਾਂਕੁੰਭ ਦਾ ਛੇਵਾਂ ਤੇ ਆਖ਼ਰੀ ਪੜਾਅ ਸਮਾਪਤੀ ਵੱਲ ਵੱਧ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ’ਚ ਪਹੁੰਚ ਰਹੇ ਲੋੜਵੰਦ ਮਰੀਜ਼ਾਂ ਲਈ ਇਹ ਕੈਂਪ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇੱਥੇ ਮਰੀਜ਼ਾਂ ਨੂੰ ਸੀ.ਐੱਮ.ਸੀ. ਹਸਪਤਾਲ, ਲੁਧਿਆਣਾ ਵਰਗੇ ਨਾਮਵਰ ਅਦਾਰੇ ਦੇ ਉੱਚ-ਪੱਧਰੀ ਮਾਹਰ ਡਾਕਟਰਾਂ ਵੱਲੋਂ ਨਾ ਸਿਰਫ਼ ਮੁਫ਼ਤ ਸਲਾਹ ਦਿੱਤੀ ਜਾ ਰਹੀ ਹੈ, ਸਗੋਂ ਲੋੜੀਂਦੀਆਂ ਦਵਾਈਆਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕੈਂਪ ’ਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੇ ਇਸ ਨੂੰ ਮਿੰਨੀ ਸੀ.ਐੱਮ.ਸੀ. ਹਸਪਤਾਲ ਦਾ ਦਰਜਾ ਦਿੰਦਿਆਂ ਕਿਹਾ ਕਿ ਸਾਨੂੰ ਤਾਂ ਇੱਥੇ ਆ ਕੇ ਇੰਝ ਲੱਗ ਰਿਹਾ ਹੈ ਜਿਵੇਂ ਅਸੀਂ ਸੀ.ਐਮ.ਸੀ. ਹਸਪਤਾਲ ਲੁਧਿਆਣਾ ਵਿੱਚ ਹੀ ਆ ਗਏ ਹੋਈਏ, ਕਿਉਂਕਿ ਸਾਫ਼ ਸੁਥਰੇ ਪ੍ਰਬੰਧ ਤੇ ਮਾਹਰ ਡਾਕਟਰਾਂ ਦੀ ਬਦੌਲਤ ਸਾਨੂੰ ਇਲਾਜ਼ ਕਰਵਾਉਣ ’ਚ ਕੋਈ ਔਕੜ ਨਹੀਂ ਆਈ ਤੇ ਵਧੀਆ ਇਲਾਜ਼ ਮਿਲਿਆ ਉਹ ਵੀ ਮੁਫ਼ਤ ’ਚ। :ਬਾਕਸ ਨਿਊਜ: - ਸਿਵਲ ਡਿਫ਼ੈਂਸ ਬਰਨਾਲਾ ਦੇ ਮੈਂਬਰਾਂ ਦਾ ਵਡਮੁੱਲਾ ਯੋਗਦਾਨ ਇਸ ਮਹਾਨ ਮੈਡੀਕਲ ਕੈਂਪ ਦੀ ਸਫ਼ਲਤਾ ’ਚ ਮਰੀਜ਼ਾਂ ਨੇ ਕੈਂਪ ਦੇ ਸ਼ਾਨਦਾਰ ਪ੍ਰਬੰਧਾਂ ਅਤੇ ਸਟਾਫ਼ ਦੇ ਸਹਿਯੋਗੀ ਰਵੱਈਏ ਦੀ ਵੀ ਭਰਪੂਰ ਤਾਰੀਫ਼ ਕੀਤੀ। ਕੈਂਪ ਇੰਚਾਰਜ ਪਵਨ ਸਿੰਗਲਾ, ਜਗਰਾਜ ਪੰਡੋਰੀ, ਗੁਰਵਿੰਦਰ ਕੌਰ ਅਤੇ ਰੁਪਿੰਦਰ ਕੌਰ ਦੇ ਨਾਲ ਸਿਵਲ ਡਿਫ਼ੈਂਸ, ਬਰਨਾਲਾ ਦੇ ਸਮਰਪਿਤ ਮੈਂਬਰਾਂ ਨੇ ਵੀ ਕੈਂਪ ’ਚ ਅਹਿਮ ਭੂਮਿਕਾ ਨਿਭਾਈ। ਸਿਵਲ ਡਿਫ਼ੈਂਸ ਦੇ ਚੀਫ਼ ਵਾਰਡਨ ਮੋਹਿੰਦਰ ਕਪਿਲ, ਪੋਸਟ ਵਾਰਡਨ ਅਖਿਲੇਸ਼ ਬਾਂਸਲ, ਜਗਰਾਜ ਪੰਡੋਰੀ, ਪੰਪੋਸ਼ ਕੌਲ, ਰਿਤੂ ਸਿੰਗਲਾ, ਰਣਜੀਤ ਕੌਰ, ਰਜਿੰਦਰ ਕੌਰ, ਧੀਰਜ ਸ਼ਰਮਾ, ਭਰਪੂਰ ਸਿੰਘ, ਸਰਬਜੀਤ ਸਿੰਘ, ਕਮਲਦੀਪ ਕੌਰ ਅਤੇ ਰੇਨੂੰ ਜਿੰਦਲ ਨੇ ਮਰੀਜ਼ਾਂ ਦੀ ਸੇਵਾ ਅਤੇ ਸਹਾਇਤਾ ਲਈ ਮੋਹਰੀ ਹੋ ਕੇ ਕੰਮ ਕੀਤਾ। ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਕੈਂਪ ’ਚ ਪਹੁੰਚੇ ਹਜ਼ਾਰਾਂ ਲੋੜਵੰਦਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਟੋਕਨ ਲੈਣ ਦੇ ਪ੍ਰਬੰਧ ਤੋਂ ਲੈ ਕੇ, ਡਾਕਟਰਾਂ ਦੀ ਜਾਂਚ ਲਈ ਲਾਈਨਾਂ ਦਾ ਪ੍ਰਬੰਧਨ ਕਰਨ ਤੱਕ ਅਤੇ ਮਰੀਜ਼ਾਂ ਨੂੰ ਦਵਾਈਆਂ ਦੀ ਵੰਡ ਤੱਕ ਸਿਵਲ ਡਿਫ਼ੈਂਸ ਦੇ ਮੈਂਬਰਾਂ ਨੇ ਹਰ ਪੜਾਅ ’ਤੇ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ। ਉਨ੍ਹਾਂ ਦੇ ਸਹਿਯੋਗੀ ਅਤੇ ਨਿਮਰ ਰਵੱਈਏ ਦੀ ਬਦੌਲਤ, ਬਜ਼ੁਰਗ ਅਤੇ ਕਮਜ਼ੋਰ ਮਰੀਜ਼ਾਂ ਨੂੰ ਡਾਕਟਰੀ ਸਹੂਲਤਾਂ ਪ੍ਰਾਪਤ ਕਰਨ ’ਚ ਬਹੁਤ ਆਸਾਨੀ ਹੋਈ। ਮਰੀਜ਼ਾਂ ਨੇ ਇਸ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਦੇ ਇਸ ਵਡਮੁੱਲੇ ਯੋਗਦਾਨ ਦੀ ਵੀ ਭਰਪੂਰ ਸ਼ਲਾਘਾ ਕੀਤੀ। :ਬਾਕਸ ਨਿਊਜ: - ਮਰੀਜ਼ਾਂ ਦਾ ਸ਼ੁਕਰਾਨਾ: ਟਰਾਈਡੈਂਟ ਗਰੁੱਪ ਦੇ ਰਿਣੀ ਰਹਾਂਗੇ ਕੈਂਪ ’ਚ ਇਲਾਜ ਕਰਵਾਉਣ ਆਏ ਮਰੀਜ਼ਾਂ ਦੇ ਚਿਹਰਿਆਂ ’ਤੇ ਸਾਫ਼ ਤੌਰ ’ਤੇ ਸਕੂਨ ਅਤੇ ਸੰਤੁਸ਼ਟੀ ਝਲਕ ਰਹੀ ਸੀ। ਉਨ੍ਹਾਂ ਨੇ ਇਸ ਮਹਾਨ ਕਾਰਜ ਲਈ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਪਦਮਸ੍ਰੀ ਰਾਜਿੰਦਰ ਗੁਪਤਾ, ਸੀ.ਐੱਸ.ਆਰ. ਮੁਖੀ ਮੈਡਮ ਮਧੂ ਗੁਪਤਾ ਅਤੇ ਸੀ.ਐਕਸ.ਓ. ਅਭਿਸ਼ੇਕ ਗੁਪਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮਰੀਜ਼ਾਂ ਵੱਲੋਂ ਪਦਮਸ੍ਰੀ ਰਾਜਿੰਦਰ ਗੁਪਤਾ ਦੇ ਇਸ ਨੇਕ ਉਪਰਾਲੇ ਲਈ ਧੰਨਵਾਦ ਕਰਦਿਆਂ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਪਿੰਡ ਸੇਖਾ ਤੋਂ ਇਲਾਜ ਲਈ ਕੈਂਪ ’ਚ ਪੁੱਜੀਆਂ ਬਜ਼ੁਰਗ ਲਾਭ ਕੌਰ ਅਤੇ ਬੰਤ ਕੌਰ ਨੇ ਕਿਹਾ ਕਿ ਮਹਿੰਗਾਈ ਦੇ ਇਸ ਦੌਰ ’ਚ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ ’ਚ ਜਾ ਕੇ ਇਲਾਜ ਕਰਵਾਉਣਾ ਸਾਡੇ ਵਰਗੇ ਆਮ ਇਨਸਾਨਾਂ ਲਈ ਇੱਕ ਸੁਪਨਾ ਸੀ। ਪਰ ਟਰਾਈਡੈਂਟ ਗਰੁੱਪ ਨੇ ਸਾਡੇ ਸ਼ਹਿਰ ਦੇ ਵਿਹੜੇ ਵਿੱਚ ਹੀ ਆਲ੍ਹਾ ਦਰਜੇ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ। ਗੁਪਤਾ ਸਾਹਿਬ ਦਾ ਇਹ ਉਪਰਾਲਾ ਹਜ਼ਾਰਾਂ ਲੋਕਾਂ ਲਈ ਜੀਵਨ ਬਚਾਉਣ ਵਾਲਾ ਹੈ। ਕੈਂਪ ’ਚ ਆਪਣੀ ਪੋਤੀ ਪਰਮੀਤ ਕੌਰ ਨਾਲ ਪੁੱਜੀ ਬਜ਼ੁਰਗ ਕਰਨੈਲ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਸਾਨੂੰ ਇੱਥੇ ਬਿਨਾਂ ਕਿਸੇ ਖਰਚੇ ਦੇ ਉੱਚ ਪੱਧਰੀ ਇਲਾਜ ਮਿਲਿਆ ਹੈ, ਉਸ ਲਈ ਅਸੀਂ ਸਾਰੀ ਉਮਰ ਟਰਾਈਡੈਂਟ ਗਰੁੱਪ ਦੇ ਰਿਣੀ ਰਹਾਂਗੇ। ਗੁਪਤਾ ਪਰਿਵਾਰ ਨੂੰ ਪ੍ਰਮਾਤਮਾ ਨੇ ਨਾ ਸਿਰਫ਼ ਕਾਮਯਾਬੀ ਦਿੱਤੀ ਹੈ, ਸਗੋਂ ਦੂਜਿਆਂ ਦਾ ਦਰਦ ਵੰਡਣ ਵਾਲਾ ਵੱਡਾ ਦਿਲ ਵੀ ਬਖ਼ਸ਼ਿਆ ਹੈ। ਇਹ ਸੋਚ ਰੱਖਣ ਵਾਲੀਆਂ ਸ਼ਖਸੀਅਤਾਂ ਸਮਾਜ ਲਈ ਚਾਨਣ ਮੁਨਾਰਾ ਹਨ। ਅਨੀਤਾ ਅਤੇ ਸਰਸਵਤੀ ਨੇ ਕੈਂਪ ’ਚ ਚੈਕਅੱਪ ਕਰਵਾਉਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਗੁਪਤਾ ਜੀ ਦਾ ਇਹ ਨੇਕ ਉਪਰਾਲਾ ਹਜ਼ਾਰਾਂ ਘਰਾਂ ’ਚ ਖੁਸ਼ੀਆਂ ਵਾਪਸ ਲੈ ਕੇ ਆਇਆ ਹੈ। ਉਹਨਾਂ ਦੀ ਇਹ ਸੇਵਾ ਭਾਵਨਾ ਦੱਸਦੀ ਹੈ ਕਿ ਉਹ ਆਪਣੀ ਕਰਮ-ਭੂਮੀ ਦੇ ਲੋਕਾਂ ਨਾਲ ਕਿੰਨਾ ਲਗਾਓ ਰੱਖਦੇ ਹਨ। ਅਸੀਂ ਦਿਲੋਂ ਦੁਆਵਾਂ ਕਰਦੇ ਹਾਂ ਕਿ ਇਹ ਕਾਰਜ ਭਵਿੱਖ ’ਚ ਵੀ ਚੱਲਦਾ ਰਹਿਣ। ਕੈਂਪ ’ਚ ਪੁੱਜੇ ਪਤੀ ਪਤਨੀ ਹਰੀਸ਼ ਚੰਦ ਅਤੇ ਸਰੋਜ ਦੇਵੀ ਨੇ ਕਿਹਾ ਕਿ ਸੀ.ਐੱਮ.ਸੀ. ਲੁਧਿਆਣਾ ਵਰਗੇ ਵੱਡੇ ਹਸਪਤਾਲ ਸਾਡੀ ਪਹੁੰਚ ਤੋਂ ਬਹੁਤ ਦੂਰ ਸਨ, ਪਰ ਟਰਾਈਡੈਂਟ ਗਰੁੱਪ ਵੱਲੋਂ ਲਗਾਇਆ ਗਿਆ ਇਹ ਕੈਂਪ ਸੱਚਮੁੱਚ ਹੀ ਸਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋਇਆ ਹੈ। ਪਦਮਸ਼੍ਰੀ ਰਜਿੰਦਰ ਗੁਪਤਾ ਜੀ ਦੇ ਇਸ ਨੇਕ ਉਪਰਾਲੇ ਸਦਕਾ ਸਾਨੂੰ ਸਾਡੇ ਸ਼ਹਿਰ ਵਿੱਚ ਹੀ ਇਹ ਉੱਤਮ ਸਿਹਤ ਸਹੂਲਤਾਂ ਪ੍ਰਾਪਤ ਹੋ ਗਈਆਂ ਹਨ। ਅਸੀਂ ਗੁਪਤਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।