ਦਿੜ੍ਹਬਾ ਦੇ ਪਿੰਡ ਖਨਾਲ ਕਲਾਂ ਦੇ ਰਹਿਣ ਵਾਲੇ ਨਾਇਕ ਹਰਦੀਪ ਸਿੰਘ ਨੇ ਪ੍ਰਾਪਤ ਕੀਤਾ ਵੀਰਤਾ ਸੈਨਾ ਮੈਡਲ
ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਨਾਇਕ ਹਰਦੀਪ ਸਿੰਘ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਮੇਰੇ ਆਪਣੇ ਹਲਕੇ ਦਿੜ੍ਹਬਾ ਦੇ ਪਿੰਡ ਖਨਾਲ ਕਲਾਂ ਦੇ ਰਹਿਣ ਵਾਲੇ ਨਾਇਕ ਹਰਦੀਪ ਸਿੰਘ ਨੂੰ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ...
Publish Date: Tue, 16 Jan 2024 08:29 AM (IST)
Updated Date: Tue, 16 Jan 2024 02:03 PM (IST)
ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਦਿੜ੍ਹਬਾ ਦੇ ਪਿੰਡ ਖਨਾਲ ਕਲਾਂ ਦੇ ਰਹਿਣ ਵਾਲੇ ਨਾਇਕ ਹਰਦੀਪ ਸਿੰਘ ਨੇ ਸੈਨਾ ਮੈਂਡਲ ਜਿੱਤ ਕੇ ਪਿੰਡ ਦਾ ਨਾਂ ਰੋਸ਼ਨ ਕੀਤਾ। ਹਰਦੀਪ ਸਿੰਘ ਦੇ ਪਿੰਡ ਪਹੁੰਚਣ ’ਤੇ ਸੇਵਾਮੁਕਤ ਫ਼ੌਜੀਆਂ ਅਤੇ ਪਿੰਡ ਵਾਸੀਆਂ ਨੇ ਜਵਾਨ ਹਰਦੀਪ ਸਿੰਘ ਦਾ ਭਰਵਾਂ ਸਵਾਗਤ ਕੀਤਾ। ਫ਼ੌਜੀ ਹਰਦੀਪ ਸਿੰਘ ਦੇ ਪਿਤਾ ਯੋਧਾ ਸਿੰਘ ਅਤੇ ਮਾਤਾ ਜਸਵੰਤ ਕੌਰ ਨੇ ਆਪਣੇ ਪੁੱਤਰ ਦਾ ਮੱਥਾ ਚੁੰਮ ਕੇ ਵਧਾਈ ਦਿੱਤੀ। ਇਸ ਮੌਕੇ ਫ਼ੌਜੀ ਹਰਦੀਪ ਸਿੰਘ ਦੇ ਪਿੰਡ ਖਨਾਲ ਕਲਾਂ ਪਹੁੰਚਣ ’ਤੇ ਉਨ੍ਹਾਂ ਦੇ ਗਲ ’ਚ ਹਾਰ ਪਾ ਕੇ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਲਗਾਏ ਅਤੇ ਢੋਲ ਦੀ ਥਾਪ ’ਤੇ ਭੰਗੜਾ ਵੀ ਪਾਇਆ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਤੇ ਸੇਵਾਮੁਕਤ ਫ਼ੌਜੀਆਂ ਨੇ ਕਿਹਾ ਕਿ ਇਹ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਪਿੰਡ ਦਾ ਹੋਣਹਾਰ ਫ਼ੌਜੀ ਹਰਦੀਪ ਸਿੰਘ ਜੋ ਕਿ ਪਿਛਲੇ 14 ਸਾਲਾ ਤੋਂ ਫ਼ੌਜ ਦੀ ਨੌਕਰੀ ਕਰ ਰਿਹਾ ਹੈ, ਪਿਛਲੇ ਸਮੇਂ ਵਿਚ ਇਕ ਫ਼ੌਜ ਦਾ ਜਹਾਜ਼ ਕ੍ਰੈਸ਼ ਹੋਇਆ ਸੀ ਜਿਸ ਵਿਚ ਦੋ ਪਾਇਲਟਾਂ ਦੀ ਜਾਨ ਹਰਦੀਪ ਸਿੰਘ ਨੇ ਬਚਾਈ ਸੀ। ਜਿਸ ਤੋਂ ਬਾਅਦ ਮਹਿਕਮੇ ਵੱਲੋਂ ਨਾਇਕ ਹਰਦੀਪ ਸਿੰਘ ਨੂੰ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਹਰਦੀਪ ਸਿੰਘ ’ਤੇ ਮਾਣ ਮਹਿਸੂਸ ਹੋ ਰਿਹਾ ਹੈ।
ਉਧਰ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਨਾਇਕ ਹਰਦੀਪ ਸਿੰਘ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਮੇਰੇ ਆਪਣੇ ਹਲਕੇ ਦਿੜ੍ਹਬਾ ਦੇ ਪਿੰਡ ਖਨਾਲ ਕਲਾਂ ਦੇ ਰਹਿਣ ਵਾਲੇ ਨਾਇਕ ਹਰਦੀਪ ਸਿੰਘ ਨੂੰ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਨਾਇਕ ਹਰਦੀਪ ਸਿੰਘ ਨੇ ਕਿਹਾ ਕਿ ਮੈਨੂੰ ਪਿੰਡ ਆ ਕੇ ਬਹੁਤ ਹੀ ਵਧੀਆ ਲੱਗ ਰਿਹਾ ਹੈ ਅਤੇ ਜੋ ਮਾਣ ਸਨਮਾਨ ਮੈਨੂੰ ਪਿੰਡ ਵਾਸੀਆਂ ਨੇ ਦਿੱਤਾ ਹੈ ਉਨ੍ਹਾਂ ਦਾ ਮੈਂ ਧੰਨਵਾਦ ਕਰਦਾਂ ਹਾਂ ਅਤੇ ਨੌਜਵਾਨਾ ਨੂੰ ਅਪੀਲ ਕਰਦਾ ਹਾਂ ਕਿ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਅਤੇ ਦੇਸ਼ ਦੀ ਸੇਵਾ ਕਰਨ।