30 ਦਿਨਾਂ ਦੇ ਅੰਦਰ-ਅੰਦਰ ਇੰਤਕਾਲ ਹੋਣ ਮੁਕੰਮਲ : ਐੱਸਡੀਐੱਮ
30 ਦਿਨਾਂ ਦੇ ਅੰਦਰ-ਅੰਦਰ ਇੰਤਕਾਲ ਹੋਣ ਮੁਕੰਮਲ : ਐੱਸਡੀਐੱਮ
Publish Date: Wed, 03 Dec 2025 06:02 PM (IST)
Updated Date: Wed, 03 Dec 2025 06:05 PM (IST)

- ਐੱਸਡੀਐੱਮ ਲਹਿਰਾ ਨੇ ਮੁਲਾਜ਼ਮਾਂ ਨੂੰ ਕੀਤੀਆਂ ਸਖ਼ਤ ਹਦਾਇਤਾਂ ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਜ਼ਮੀਨਾਂ ਦੇ ਇੰਤਕਾਲ 30 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕੀਤੇ ਜਾਣ। ਇਸ ਸਬੰਧੀ ਸਬ ਡਵੀਜ਼ਨ ਲਹਿਰਾਗਾਗਾ ਵਿਖੇ ਨਵੇਂ ਆਏ ਤਹਿਸੀਲਦਾਰ ਰਾਕੇਸ਼ ਪ੍ਰਕਾਸ਼ ਗਰਗ ਨੇ ਤਹਿਸੀਲ ਕੰਪਲੈਕਸ ਅਤੇ ਵੱਖ-ਵੱਖ ਦਫ਼ਤਰਾਂ ਦਾ ਦੌਰਾ ਕਰਨ ਉਪਰੰਤ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਚੈਕਿੰਗ ਕਰਨ ਉਪਰੰਤ ਪਤਾ ਲੱਗਿਆ ਹੈ ਕਿ 50 ਤੋਂ ਲੈ ਕੇ 150 ਦਿਨਾਂ ਦੇ ਇੰਤਕਾਲ ਬਾਕੀ ਪਏ ਹਨ, ਜਦੋਂਕਿ 30 ਦਿਨਾਂ ਦੇ ਅੰਦਰ-ਅੰਦਰ ਇੰਤਕਾਲ ਮੁਕੰਮਲ ਹੋਣੇ ਚਾਹੀਦੇ ਹਨ। ਜਿਸ ਵਿੱਚ 15 ਦਿਨ ਪਟਵਾਰੀ, 5 ਦਿਨ ਕਾਨੂੰਨਗੋ ਅਤੇ 10 ਦਿਨ ਸਬੰਧਿਤ ਤਹਿਸੀਲਦਾਰ ਅਤੇ ਸੀਆਰਓ ਨੂੰ ਦਿੱਤੇ ਹਨ, ਪਰ ਇੱਥੇ ਬਹੁਤ ਅਣਗਹਿਲੀ ਦੇਖਣ ਨੂੰ ਪਾਈ ਗਈ ਹੈ। ਜਿਸ ਕਾਰਨ ਲੋਕ ਪਰੇਸ਼ਾਨ ਹਨ। ਇਸ ਸਬੰਧੀ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀਆਂ ਵੀ ਸਖਤ ਹਦਾਇਤਾਂ ਹਨ ਕਿ ਲੋਕਾਂ ਨੂੰ ਖੱਜਲ-ਖੁਆਰ ਨਾ ਕੀਤਾ ਜਾਵੇ ਅਤੇ ਬਿਨਾਂ ਕਿਸੇ ਲਾਲਚ ਤੋਂ ਤਹਿ ਸਮੇਂ ’ਚ ਕੰਮ ਕਰਕੇ ਦਿੱਤੇ ਜਾਣ। ਐੱਸਡੀਐੱਮ ਲਹਿਰਾ ਗਰਗ ਨੇ ਕਿਹਾ ਕਿ ਉਹ ਪਟਵਾਰਖਾਨਾ ਮੂਨਕ ਵਿਖੇ ਚੈਕਿੰਗ ਕਰਦਿਆਂ ਹਦਾਇਤ ਕੀਤੀ ਹੈ, ਕਿ ਕੰਮ ਸਮੇਂ ਤੇ ਕੀਤੇ ਜਾਣ, ਪਟਵਾਰੀਆਂ ਨੂੰ ਮੂਵਮੈਂਟ ਰਜਿਸਟਰ ਲਾਉਣ ਲਈ ਕਿਹਾ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਪਟਵਾਰੀ ਕਿੱਥੇ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਬੰਧਿਤ ਤਹਿਸੀਲਦਾਰ ਨੂੰ ਵੀ ਹਦਾਇਤ ਕੀਤੀ ਹੈ ਕਿ ਰਜਿਸਟਰੀ ਪੇਸ਼ ਹੋਣ ਸਾਰ ਹੀ ਕੀਤੀ ਜਾਵੇ ਸ਼ਾਮ ਤਕ ਨਾ ਬਿਠਾਇਆ ਜਾਵੇ, ਇੰਤਕਾਲ ਜਲਦੀ ਕਲੀਅਰ ਕੀਤੇ ਜਾਣ। ਇਸ ਤੋਂ ਇਲਾਵਾ ਸੇਵਾ ਕੇਂਦਰ ਵਿੱਚ ਵੀ ਦੌਰਾ ਕਰਨ ਉਪਰੰਤ ਹਦਾਇਤ ਕੀਤੀ ਕਿ ਲੋਕਾਂ ਦੇ ਕੰਮ ਸਮੇਂ ਸਿਰ ਕੀਤੇ ਜਾਣ ਤਾਂ ਜੋ ਸਰਕਾਰ ਵਿੱਚ ਲੋਕਾਂ ਦਾ ਵਿਸ਼ਵਾਸ ਭੰਗ ਨਾ ਹੋਵੇ। ਟ੍ਰੈਫਿਕ ਨਿਯਮਾਂ ਸਬੰਧੀ ਉਨ੍ਹਾਂ ਕਿਹਾ ਕਿ ਬਾਜ਼ਾਰਾਂ ਵਿੱਚ ਗਸ਼ਤ ਵਧਾਈ ਜਾਵੇ, ਟਰੈਕਟਰ, ਟਰਾਲੀਆਂ, ਕਾਰਾਂ, ਜੀਪਾਂ ਅਤੇ ਹੋਰ ਵਹੀਕਲ ਇੱਕ ਸਾਈਡ ਤੇ ਖੜਾਏ ਜਾਣ ਤਾਂ ਜੋ ਰਾਹਗੀਰਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ।