ਨਗਰ ਕੌਂਸਲ ਨੇ ਪੁਲਿਸ ਦੇ ਸਹਿਯੋਗ ਨਾਲ ਨਾਜਾਇਜ਼ ਕਬਜ਼ਾ ਹਟਵਾਇਆ
ਨਗਰ ਕੌਂਸਲ ਨੇ ਪੁਲਿਸ ਦੇ ਸਹਿਯੋਗ ਨਾਲ ਨਜਾਇਜ਼ ਕਬਜ਼ਾ ਹਟਵਾਇਆ
Publish Date: Wed, 11 Feb 2026 07:15 PM (IST)
Updated Date: Wed, 11 Feb 2026 07:17 PM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਨਗਰ ਕੌਂਸਲ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਬਾਬਾ ਮੱਠ ਨਜ਼ਦੀਕ ਸਥਿਤ ਜਗ੍ਹਾ ਤੋਂ ਪੁਲਿਸ ਦੇ ਸਹਿਯੋਗ ਨਾਲ ਨਾਜਾਇਜ਼ ਕਬਜ਼ਾ ਹਟਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਮੇਟੀ ਹਾਊਸ ਦੀ ਇਕ ਮੀਟਿੰਗ 15 ਜਨਵਰੀ ਨੂੰ ਨਗਰ ਕੌਂਸਲ ਤਪਾ ਵਿਖੇ ਕੀਤੀ ਗਈ ਸੀ, ਜਿਸ ਵਿਚ ਬਾਬਾ ਮਠ ਨਜ਼ਦੀਕ ਸਥਿਤ ਕਮੇਟੀ ਦੀ ਜਗ੍ਹਾ ’ਤੇ ਪਾਣੀ ਵਾਲੀ ਟੈਂਕੀ ਬਣਾਉਣ ਦਾ ਮਤਾ ਨੰਬਰ (87) ਪਾਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੀ ਜਗ੍ਹਾ ਉੱਪਰ ਪਹਿਲਾਂ ਵੀ ਇੱਕ ਟਿਊਬਵੈੱਲ ਲੱਗਿਆ ਹੋਇਆ ਹੈ। ਇਸ ਜਗ੍ਹਾ ’ਤੇ ਪਿਛਲੇ ਕਾਫੀ ਸਮੇਂ ਤੋਂ ਕੁਝ ਵਾਹਨ ਚਾਲਕਾਂ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਜਿਨ੍ਹਾਂ ਨੂੰ ਵਾਰ-ਵਾਰ ਕੌਂਸਲ ਵੱਲੋਂ ਜਗ੍ਹਾ ਖਾਲੀ ਕਰਨ ਸਬੰਧੀ ਕਿਹਾ ਗਿਆ ਪਰ ਉਕਤ ਵਿਅਕਤੀਆਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਜਿਸ ’ਤੇ ਅੱਜ ਨਗਰ ਕੌਂਸਲ ਤਪਾ ਨੇ ਥਾਣਾ ਤਪਾ ਦੇ ਮੁਖੀ ਸ਼ਰੀਫ ਖਾਨ ਦੀ ਅਗਵਾਈ ਚ ਪੁਲਿਸ ਦੇ ਸਹਿਯੋਗ ਨਾਲ ਜਗ੍ਹਾ ਨੂੰ ਖਾਲੀ ਕਰਵਾਇਆ ਅਤੇ ਕੰਡਿਆਲੀ ਤਾਰ ਲਗਾ ਕੇ ਕਵਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ’ਤੇ ਪਾਣੀ ਵਾਲੀ ਟੈਂਕੀ ਬਣਨ ਨਾਲ ਲੋਕਾਂ ਨੂੰ ਗਰਮੀਆਂ ਦੇ ਦਿਨਾਂ ’ਚ ਪਾਣੀ ਨਾਲ ਵੱਡੀ ਰਾਹਤ ਮਿਲੇਗੀ। ਇਸ ਮੌਕੇ ਕੌਂਸਲ ਦੇ ਅਮਨਦੀਪ ਸ਼ਰਮਾ, ਹਰਦੀਪ ਸਿੰਘ ਦੀਪਾ, ਦੀਪ ਸਿੰਘ, ਨਰਿੰਦਰ ਸਿੰਘ, ਤਰਸੇਮ ਚੰਦ ਖਿੱਲੂ, ਕ੍ਰਿਸ਼ਨ ਸ਼ਰਮਾ ਆਦਿ ਤੋਂ ਇਲਾਵਾ ਪੁਲਿਸ ਮੁਲਾਜ਼ਮ ਮੌਜੂਦ ਸਨ।