ਮੇਲੋ ਕੌਰ ਦੇ ਪਰਿਵਾਰ ਨੂੰ ਨਹੀਂ ਮਿਲਿਆ ਇਨਸਾਫ਼
ਮੇਲੋ ਕੌਰ ਦੇ ਪਰਿਵਾਰ ਨੂੰ ਨਹੀਂ ਮਿਲਿਆ ਇਨਸਾਫ਼
Publish Date: Wed, 04 Feb 2026 06:14 PM (IST)
Updated Date: Wed, 04 Feb 2026 06:17 PM (IST)

- ਕਾਰ ਦੀ ਲਪੇਟ ’ਚ ਆਉਣ ਨਾਲ ਹੋਈ ਸੀ ਮੌਤ - ਮਜ਼ਦੂਰ ਆਈਟੀਆਈ ਚੌਕ ’ਚ ਕਰਨਗੇ ਚੱਕਾ ਜਾਮ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ ਸੁਨਾਮ : ਸੁਨਾਮ-ਸ਼ੇਰੋਂ ਸੜਕ ਤੇ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਲੱਕੜਾਂ ਤੋੜਨ ਗਈ ਮਜ਼ਦੂਰ ਔਰਤ ਮੇਲੋ ਕੌਰ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮਜ਼ਦੂਰ ਮੁਕਤੀ ਮੋਰਚਾ 12 ਫ਼ਰਵਰੀ ਨੂੰ ਸੁਨਾਮ ਵਿਖੇ ਆਈਟੀਆਈ ਚੌਕ ਵਿੱਚ ਦੋ ਘੰਟੇ ਲਈ ਸੰਕੇਤਕ ਚੱਕਾ ਜਾਮ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਦੱਸਿਆ ਕਿ ਪਿਛਲੇ ਦਿਨੀਂ ਸੁਨਾਮ ਸ਼ੇਰੋਂ ਸੜਕ ਤੇ ਗ਼ਰੀਬੀ ਦੀ ਹਾਲਤ ਵਿੱਚ ਜੀਵਨ ਬਤੀਤ ਕਰਨ ਵਾਲੀ ਮੇਲੋ ਕੌਰ ਪਤਨੀ ਕਾਲਾ ਸਿੰਘ ਵਾਸੀ ਸੁਨਾਮ ਆਪਣੀਆਂ ਹੋਰ ਸਾਥਣਾਂ ਨਾਲ ਘਰ ਲਈ ਬਾਲਣ ਇਕੱਠਾ ਕਰਨ ਗਈ ਸੀ ਤਾਂ ਇਸੇ ਦੌਰਾਨ ਤੇਜ਼ ਰਫਤਾਰ ਕਾਰ ਨੇ ਆਪਣੀ ਲਪੇਟ ’ਚ ਲੈ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ 15 ਦਿਨ ਲੰਘਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਮੁਲਜ਼ਮਾਂ ਦੀ ਕੋਈ ਭਾਲ ਨਹੀਂ ਹੋ ਸਕੀ। ਉਨ੍ਹਾਂ ਆਖਿਆ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਬੁੱਧਵਾਰ ਨੂੰ ਅਨਾਜ ਮੰਡੀ ਸੁਨਾਮ ਵਿਖੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਇਲਾਕਾ ਕਮੇਟੀ ਦੀ ਬਲਬੀਰ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ 12 ਫ਼ਰਵਰੀ ਨੂੰ ਸੁਨਾਮ ਵਿਖੇ ਆਈਟੀਆਈ ਚੌਕ ਵਿੱਚ ਦੋ ਘੰਟੇ ਲਈ ਸੰਕੇਤਕ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਜ਼ਿਲ੍ਹਾ ਪ੍ਰਧਾਨ ਬਿੱਟੂ ਸਿੰਘ ਖੋਖਰ, ਧਰਮਾ ਸਿੰਘ ਸੁਨਾਮ, ਜੁੰਮਾ ਸਿੰਘ, ਜੱਗਾ ਸਿੰਘ, ਨਾਥ ਸਿੰਘ ਛਾਜਲੀ, ਰਾਣੀ ਕੌਰ ਆਦਿ ਹਾਜ਼ਰ ਸਨ। ਇਸ ਸਬੰਧੀ ਥਾਣਾ ਚੀਮਾਂ ਦੇ ਐੱਸਐੱਚਓ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਕਤ ਮਾਮਲੇ ਵਿੱਚ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਮੁਲਜ਼ਮ ਨੂੰ ਫੜਨ ਲਈ ਬਾਰੀਕੀ ਨਾਲ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।