ਵੱਡੀ ਕਾਰਵਾਈ : ਬਰਨਾਲਾ ਪੁਲਿਸ ਵੱਲੋਂ 2 ਕਿੱਲੋ ਹੈਰੋਇਨ ਤੇ ਹਥਿਆਰਾਂ ਸਮੇਤ 3 ਗ੍ਰਿਫ਼ਤਾਰ, ਪਾਕਿਸਤਾਨ ਨਾਲ ਜੁੜੇ ਤਾਰ
ਪਟਿਆਲਾ ਰੇਂਜ ਦੇ ਡੀ.ਆਈ.ਜੀ. ਕੁਲਦੀਪ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਗਗਨਦੀਪ ਸਿੰਘ ਉਰਫ ਗਗਨ ਨਿਵਾਸੀ ਪਿੰਡ ਹਮੀਦੀ (ਬਰਨਾਲਾ), ਰਾਜਕਰਨ ਸਿੰਘ ਨਿਵਾਸੀ ਫ਼ਾਜ਼ਿਲਕਾ, ਸਾਰਜ ਸਿੰਘ ਨਿਵਾਸੀ ਫ਼ਰੀਦਕੋਟ ਵਜੋਂ ਹੋਈ ਹੈ।
Publish Date: Thu, 15 Jan 2026 04:19 PM (IST)
Updated Date: Thu, 15 Jan 2026 04:27 PM (IST)
ਸੰਵਾਦਦਾਤਾ,ਬਰਨਾਲਾ : ਬਰਨਾਲਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 2 ਕਿੱਲੋ 7 ਗ੍ਰਾਮ ਹੈਰੋਇਨ ਅਤੇ ਇੱਕ ਵਿਦੇਸ਼ੀ 9 ਐੱਮ.ਐੱਮ. ਪਿਸਤੌਲ ਬਰਾਮਦ ਹੋਇਆ ਹੈ। ਪੁਲਿਸ ਅਨੁਸਾਰ ਇਨ੍ਹਾਂ ਤਸਕਰਾਂ ਦੇ ਤਾਰ ਪਾਕਿਸਤਾਨ ਵਿੱਚ ਬੈਠੇ ਨਸ਼ਾ ਅਤੇ ਹਥਿਆਰ ਤਸਕਰਾਂ ਨਾਲ ਜੁੜੇ ਹੋਏ ਹਨ।
ਪਟਿਆਲਾ ਰੇਂਜ ਦੇ ਡੀ.ਆਈ.ਜੀ. ਕੁਲਦੀਪ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਗਗਨਦੀਪ ਸਿੰਘ ਉਰਫ ਗਗਨ ਨਿਵਾਸੀ ਪਿੰਡ ਹਮੀਦੀ (ਬਰਨਾਲਾ), ਰਾਜਕਰਨ ਸਿੰਘ ਨਿਵਾਸੀ ਫ਼ਾਜ਼ਿਲਕਾ, ਸਾਰਜ ਸਿੰਘ ਨਿਵਾਸੀ ਫ਼ਰੀਦਕੋਟ ਵਜੋਂ ਹੋਈ ਹੈ।
ਪੁਲਿਸ ਨੇ ਸਭ ਤੋਂ ਪਹਿਲਾਂ ਗਗਨਦੀਪ ਸਿੰਘ ਨੂੰ ਕਾਬੂ ਕੀਤਾ ਸੀ, ਜਿਸ ਕੋਲੋਂ 307 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਉਸ ਕੋਲੋਂ ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਰਾਜਕਰਨ ਅਤੇ ਸਾਰਜ ਸਿੰਘ ਨੂੰ ਵੀ ਦਬੋਚ ਲਿਆ। ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ ਕੁੱਲ 2 ਕਿੱਲੋ 7 ਗ੍ਰਾਮ ਹੈਰੋਇਨ ਅਤੇ ਇੱਕ ਨਾਜਾਇਜ਼ ਹਥਿਆਰ ਮਿਲਿਆ।
ਜਾਂਚ ਦੌਰਾਨ ਇਹ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ ਕਿ ਇਹ ਮੁਲਜ਼ਮ ਪਾਕਿਸਤਾਨ ਵਿੱਚ ਬੈਠੇ 'ਹਾਜੀ' ਨਾਮਕ ਏਜੰਟ ਦੇ ਸੰਪਰਕ ਵਿੱਚ ਸਨ। ਮੁਲਜ਼ਮਾਂ ਦੇ ਮੋਬਾਈਲ ਫ਼ੋਨਾਂ ਵਿੱਚੋਂ ਬੀ.ਐੱਸ.ਐੱਫ. ਦੀਆਂ ਚੌਕੀਆਂ, ਪੁਲਿਸ ਨਾਕਿਆਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀਆਂ ਫੋਟੋਆਂ ਮਿਲੀਆਂ ਹਨ, ਜੋ ਉਹ ਪਾਕਿਸਤਾਨ ਭੇਜ ਚੁੱਕੇ ਸਨ। ਮੁਲਜ਼ਮਾਂ ਨੂੰ ਹਵਾਲਾ ਰਾਹੀਂ ਲੱਖਾਂ ਰੁਪਏ ਦੀ ਫੰਡਿੰਗ ਮਿਲ ਰਹੀ ਸੀ, ਜਿਸ ਦੀ ਵਰਤੋਂ ਦੇਸ਼ ਵਿਰੋਧੀ ਗਤੀਵਿਧੀਆਂ ਲਈ ਕੀਤੀ ਜਾਣੀ ਸੀ।
ਪੁਲਿਸ ਮੁਤਾਬਕ ਗਗਨਦੀਪ ਸਿੰਘ 'ਤੇ ਪਹਿਲਾਂ ਹੀ ਨਸ਼ਾ ਤਸਕਰੀ ਦੇ 4 ਮਾਮਲੇ ਦਰਜ ਹਨ, ਜਦਕਿ ਸਾਰਜ ਸਿੰਘ 'ਤੇ ਵੀ ਇੱਕ ਪਰਚਾ ਦਰਜ ਹੈ। ਪੁਲਿਸ ਹੁਣ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਭਾਲ ਕਰ ਰਹੀ ਹੈ।