ਫਲਾਇਟ ਲੈਫਟੀਨੈਂਟ ਅਮਨ ਸਿੰਘ ਹਾਂਸ ਨੇ ਇੱਕ ਖਤਰਨਾਕ ਮਿਸ਼ਨ ਦੌਰਾਨ ਆਪਣੇ ਲੜਾਕੂ ਜਹਾਜ ’ਚ ਹੋਏ ਧਮਾਕੇ ਤੋਂ ਬਾਅਦ ਵੀ ਬੇਮਿਸਾਲ ਹੌਂਸਲੇ ਤੇ ਸੰਜਮ ਨਾਲ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ ਤੇ ਅਨੇਕਾਂ ਜਾਨਾਂ ਬਚਾਈਆ, ਜਿਸ ਬਹਾਦਰੀ ਸਦਕਾ ਹਾਂਸ ਨੂੰ 22 ਮਈ ਨੂੰ ਰਾਜ ਭਵਨ ਦਿੱਲੀ ਵਿਖੇ ਦੇਸ਼ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਵੱਲੋਂ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ।

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਮਿਲਖਾ ਸਿੰਘ ਨੂੰ ਜਿੱਥੇ ਫਲਾਇੰਗ ਸਿੱਖ ਦੇ ਨਾਂ ਨਾਲ ਦੁਨੀਆਂ ’ਚ ਮਸ਼ਹੂਰ ਹਨ, ਉੱਥੇ ਹੀ ਇਕ ਹੋਰ ਪੰਜਾਬੀ ਨੌਜਵਾਨ ਨੂੰ ਅਸਮਾਨ ’ਚ ਉਡਾਰੀ ਲਾਉਣ ਲਈ ਉਤੇ ਜਾਣਿਆ ਜਾ ਰਿਹਾ ਹੈ। ਫਲਾਇੰਗ ਲੈਫਟੀਨੈਂਟ ਅਮਨ ਸਿੰਘ ਹਾਂਸ ਨੂੰ ਸਾਰਾ ਦੇਸ਼ ਇਸ ਕਰਕੇ ਜਾਣਦਾ ਹੈ ਕਿ ਉਸ ਨੇ ਅਸਮਾਨ ਨਾਲ ਗੱਲਾਂ ਕਰ ਕੇ ਫਲਾਇਟ ਨਾਲ ਉਹ ਕਰ ਵਿਖਾਇਆ, ਜਿਸ ਦੀ ਬਹਾਦਰੀ ਕਰ ਕੇ ਉਸ ਨੂੰ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਤੀ ਮੁਰਮੂ ਨੇ ਸ਼ੌਰਿਆ ਚੱਕਰ ਨਾਲ ਸਨਮਾਨਤ ਕੀਤਾ।
ਨੌਜਵਾਨ ਹਾਂਸ ਸੰਗਰੂਰ ਜ਼ਿਲ੍ਹੇ ਦੇ ਹਲਕਾ ਦਿੜ੍ਹਬਾ ਨੇੜ੍ਹਲੇ ਪਿੰਡ ਤਰੰਜੀਖੇੜਾ ਨਾਲ ਸਬੰਧਤ ਹੈ। ਛੋਟੀ ਉਮਰੇ ਅਸਮਾਨ ’ਚ ਵੱਡੀਆਂ ਉਡਾਰੀਆਂ ਲਾਉਣ ਵਾਲੇ ਫਲਾਇਟ ਲੈਫਟੀਨੈਂਟ ਅਮਨ ਸਿੰਘ ਹਾਂਸ ਨੇ ਇੱਕ ਖਤਰਨਾਕ ਮਿਸ਼ਨ ਦੌਰਾਨ ਆਪਣੇ ਲੜਾਕੂ ਜਹਾਜ ’ਚ ਹੋਏ ਧਮਾਕੇ ਤੋਂ ਬਾਅਦ ਵੀ ਬੇਮਿਸਾਲ ਹੌਂਸਲੇ ਤੇ ਸੰਜਮ ਨਾਲ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ ਤੇ ਅਨੇਕਾਂ ਜਾਨਾਂ ਬਚਾਈਆ, ਜਿਸ ਬਹਾਦਰੀ ਸਦਕਾ ਹਾਂਸ ਨੂੰ 22 ਮਈ ਨੂੰ ਰਾਜ ਭਵਨ ਦਿੱਲੀ ਵਿਖੇ ਦੇਸ਼ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਵੱਲੋਂ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
ਹਾਂਸ ਦੇ ਪਿਤਾ ਰਿਟਾਇਰਡ ਕਰਨਲ ਰੁਪਿੰਦਰ ਸਿੰਘ ਹਾਂਸ ਅਨੁਸਾਰ ਫਲਾਇਟ ਲੈਫਟੀਨੈਂਟ ਹਾਂਸ 28 ਮਾਰਚ 2024 ’ਚ ਯੁੱਧ ਅਭਿਆਸ ਗਗਨ ਸ਼ਕਤੀ ਦੌਰਾਨ ਇਕ ਮਿੱਗ 29 ਏਅਰ ਕਰਾਫਟ ਦਾ ਸੰਚਾਲਨ ਕਰ ਰਹੇ ਸੀ ਤਾਂ ਅਚਾਨਕ ਹੀ 28 ਹਜ਼ਾਰ ਫੁੱਟ ਭਾਵ ਧਰਤੀ ਤੋਂ ਸਾਢੇ ਅੱਠ ਕਿਲੋਮੀਟਰ ਦੀ ਉੱਚਾਈ ’ਤੇ ਜਦਕਿ 850 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਡ ਰਹੇ ਮਿੱਗ 29 ’ਚ ਕੈਨਪੀ ਉੱਡਣ ਦਾ ਧਮਾਕਾ ਹੋਇਆ ਤਾਂ ਜਹਾਜ਼ ਦੇ ਸਾਰੇ ਯੰਤਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਜਿਸ ਨਾਲ ਅਮਨ ਹਾਂਸ ਦੀਆਂ ਅੱਖਾਂ ਤੇ ਸਰੀਰ ’ਚ ਹਵਾ ਸਿੱਧੀ ਪੈਣ ਲੱਗੀ ਤੇ ਉਸ ਸਮੇਂ ਤਾਪਮਾਨ ਮਾਇਨਸ 40 ਡਿਗਰੀ ਸੈਂਟੀਗਰੇਡ ਸੀ। ਇਸ ਹਾਲਾਤ ’ਚ ਅਮਨ ਨੇ ਬਰਫ਼ੀਲੀਆਂ ਹਵਾਵਾਂ ’ਚ ਆਪਣੇ ਬੁਲੰਦ ਹੌਂਸਲੇ ਤੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਪੂਰੀ ਬਹਾਦਰੀ ਨਾਲ ਜਹਾਜ਼ ਨੂੰ ਹੇਠਾਂ ਡਾਈ ਮਾਰ ਕੇ ਤਿੰਨ ਕਿਲੋਮੀਟਰ ਦੀ ਉਚਾਈ ’ਤੇ ਲੈ ਆਇਆ।
ਐਮਰਜੈਂਸੀ ਰੇਡੀਓ ਨਾਲ ਲੈਂਡਿੰਗ ਦੀ ਘੋਸ਼ਣਾ ਕੀਤੀ ਤੇ ਅੱਖਾਂ ਦੇ ਗੰਭੀਰ ਦਰਦ ਨਾਲ ਆਪਣੇ ਜਹਾਜ਼ ਨੂੰ ਸੰਚਾਲਤ ਕਰਦੇ ਹੋਏ ਨਜਦੀਕੀ ਏਅਰਬੇਸ ਤੇ ਸਿਵਲੀਅਨ ਜਹਾਜ਼ਾਂ ਨੂੰ ਬਚਾ ਕੇ ਹਨੇਰੀ ਰਾਤ ’ਚ ਹਵਾਈ ਪੱਟੀ ਲੱਭ ਕੇ ਜਹਾਜ਼ ਨੂੰ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਈ। ਫਲਾਇਟ ਲੈਫਟੀਨੈਂਟ ਅਮਨ ਸਿੰਘ ਹਾਂਸ ਦੀ ਇਸ ਬਹਾਦਰੀ ਲਈ ਭਾਰਤ ਦੇ ਰਾਸ਼ਟਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਵੱਲੋਂ ਉਨ੍ਹਾਂ ਨੂੰ 22 ਮਈ ਨੂੰ ਰਾਜ ਭਵਨ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਰੱਖਿਆ ਮੰਤਰੀ ਰਾਜ ਨਾਥ ਸਿੰਘ ਦੀ ਹਾਜ਼ਰੀ ’ਚ ਸ਼ੌਰੀਆ ਚੱਕਰ ਨਾਲ ਵਿਸ਼ੇਸ ਤੌਰ 'ਤੇ ਸਨਮਾਨਿਤ ਕੀ ਤਾ ਗਿਆ।
ਹਾਂਸ ਦਾ ਪਰਿਵਾਰ ਵੀ ਦੇਸ਼ ਸੇਵਾ ਵਿਚ
ਅਮਨ ਸਿੰਘ ਹਾਂਸ ਦੇ ਚਾਚਾ ਐਡਵੋਕੇਟ ਹਤਿੰਦਰ ਸਿੰਘ ਰਾਣਾ ਹਾਂਸ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਹਿਲਾਂ ਤੋਂ ਹੀ ਦੇਸ਼ ਦੀ ਸੇਵਾ ਕਰਦਾ ਰਿਹਾ ਹੈ। ਅਮਨ ਸਿੰਘ ਹਾਂਸ ਦਾ ਪਿਤਾ ਰੁਪਿੰਦਰ ਸਿੰਘ ਹਾਂਸ ਵੀ ਫੌਜ ’ਚ ਕਰਨਲ ਰਿਟਾਇਰ ਹੋਏ ਹਨ। ਉਨ੍ਹਾਂ ਦਾ ਜੱਦੀ ਪਿੰਡ ਤਰੰਜੀਖੇੜਾ ਨੇੜੇ ਦਿੜ੍ਹਬਾ ਹੈ। ਅਮਨ ਪਿੰਡ ’ਚ ਹੀ ਪੈਦਾ ਹੋਇਆ ਸੀ ਪਰ ਉਹ ਪਿਤਾ ਨਾਲ ਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਫੌ਼ਜ ਦੇ ਸਕੂਲਾਂ ’ਚ ਪੜਦਾ ਰਿਹਾ ਹੈ। ਉਨ੍ਹਾਂ ਦੀ ਜ਼ਮੀਨ ਜਾਇਦਾਦ ਪਿੰਡ ਅੰਦਰ ਹੀ ਹੈ ਪਰ ਮੌਜੂਦਾ ਸਮੇਂ ਪਰਿਵਾਰ ਪੰਚਕੂਲਾ ਰਹਿ ਰਿਹਾ ਹੈ।
ਸਾਡੇ ਪੰਜਾਬ ਲਈ ਮਾਣ ਵਾਲੀ ਗੱਲ ਹੈ:ਚੀਮਾ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਮਨ ਸਿੰਘ ਹਾਂਸ ਉਨ੍ਹਾਂ ਦੇ ਹਲਕੇ ਦਿੜ੍ਹਬਾ ਦੇ ਨੇੜ੍ਹਲੇ ਪਿੰਡ ਤਰੰਜੀਖੇੜਾ ਦੇ ਜੰਮਪਲ ਹਨ। ਇਸ ਕਰਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦੇ ਪੇਂਡੂ ਹਲਕੇ ਨਾਲ ਸਬੰਧਤ ਇਸ ਨੌਜਵਾਨ ਨੇ ਬਹਾਦਰੀ ਨਾਲ ਆਪਣਾ, ਆਪਣੇ ਇਲਾਕੇ ਦੇ ਨਾਲ-ਨਾਲ ਸਾਰੇ ਪੰਜਾਬ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਦੇਸ਼ ਦੇ ਨੌਜਵਾਨਾਂ ਨੂੰ ਇਸ ਬਹਾਦਰ ਨੌਜਵਾਨ ਤੋਂ ਪ੍ਰੇਰਣਾ ਲੈ ਕੇ ਜ਼ਿੰਦਗੀ ’ਚ ਕੁਝ ਕਰਨ ਲਈ ਸਿੱਖਣ ਦੀ ਲੋੜ ਹੈ।