ਭਾਰਤ ਅਮਰੀਕਾ ਵਪਾਰ ਸਮਝੌਤਾ ਖੇਤੀ ਸੈਕਟਰ ਨੂੰ ਕਰੇਗਾ ਤਬਾਹ - ਉਗਰਾਹਾਂ

- ਕਿਸਾਨ ਅੱਜ ਫੂਕਣਗੇ ਮੋਦੀ-ਟਰੰਪ ਦੇ ਪੁਤਲੇ
- 13 ਨੂੰ ਲੌਂਗੋਵਾਲ ਥਾਣੇ ਅੱਗੇ ਦਿੱਤਾ ਜਾਵੇਗਾ ਧਰਨਾ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ
ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆ ਕਿ ਭਾਰਤ ਅਮਰੀਕਾ ਵਪਾਰ ਸਮਝੌਤਾ ਮੁਲਕ ਦੇ ਖੇਤੀ ਸੈਕਟਰ ਨੂੰ ਤਬਾਹ ਕਰ ਦੇਵੇਗਾ। ਕੇਂਦਰ ਸਰਕਾਰ ਉਕਤ ਸਮਝੌਤੇ ਦਾ ਪ੍ਰਚਾਰ ਕਰਦੇ ਸਮੇਂ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਵਿਕਸਤ ਮੁਲਕਾਂ ਦੇ ਮੁਕਾਬਲੇ ਭਾਰਤ ਅੰਦਰ ਖੇਤੀ ਸੈਕਟਰ ਲਈ ਸਬਸਿਡੀ ਨਾ ਦੇ ਬਰਾਬਰ ਦਿੱਤੀ ਜਾ ਰਹੀ ਹੈ। ਬੁੱਧਵਾਰ ਨੂੰ ਸੁਨਾਮ ਵਿਖੇ ਗੁਰਦੁਆਰਾ ਸੱਚਖੰਡ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਗਰਾਹਾਂ ਨੇ ਆਖਿਆ ਕਿ ਕੇਂਦਰ ਸਰਕਾਰ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਵਿਕਸਤ ਮੁਲਕਾਂ ਨਾਲ ਵਪਾਰਕ ਸਮਝੌਤੇ ਕਰ ਕੇ ਦੇਸ਼ ਦੀ ਕਿਸਾਨੀ ਨੂੰ ਖਤਮ ਕਰਨ ਦੇ ਰਾਹ ਪਈ ਹੋਈ ਹੈ। ਉਕਤ ਸਮਝੌਤੇ ਲਾਗੂ ਹੋਣ ਨਾਲ ਵਿਦੇਸ਼ੀ ਵਸਤਾਂ ਭਾਰਤ ਵਿੱਚ ਘੱਟ ਮੁੱਲ ਤੇ ਵੇਚੀਆਂ ਜਾ ਸਕਣਗੀਆਂ, ਜਦਕਿ ਭਾਰਤ ਅੰਦਰ ਖੇਤੀ ਲਾਗਤ ਖ਼ਰਚੇ ਜ਼ਿਆਦਾ ਹੋਣ ਕਾਰਨ ਮੁਲਕ ਦਾ ਅੰਨਦਾਤਾ ਉਸ ਮੁੱਲ ਤੇ ਆਪਣੀ ਫ਼ਸਲ ਨਹੀਂ ਵੇਚ ਸਕੇਗਾ, ਅਜਿਹੇ ਹਾਲਾਤਾਂ ਵਿੱਚ ਮੁਲਕ ਅੰਦਰ ਖੇਤੀ ਸੈਕਟਰ ਤਬਾਹ ਹੋ ਜਾਵੇਗਾ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਅਤੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਸੂਬੇ ਦੀ ਸਰਕਾਰ ਵੀ ਕੇਂਦਰੀ ਹਾਕਮਾਂ ਦੀ ਤਰਜ਼ ’ਤੇ ਪੰਜਾਬ ਦੇ ਜਨਤਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਪੱਬਾਂ ਭਾਰ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਸੂਬੇ ਦੀ ਸਰਕਾਰ ਅਜਿਹੇ ਵਰਤਾਰੇ ਨੂੰ ਠੱਲ੍ਹ ਪਾਉਣ ਵਾਲਿਆਂ ਦੀ ਜ਼ੁਬਾਨਬੰਦੀ ਕਰ ਰਹੀ ਹੈ। ਪੰਜਾਬ ਨੂੰ ਪੁਲਿਸ ਰਾਜ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਪਰ ਸੂਬੇ ਦੀ ਜਨਤਾ ਪੰਜਾਬ ਦੇ ਹਿੱਤਾਂ ਲਈ ਲੜਾਈ ਜਾਰੀ ਰੱਖੇਗੀ। ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਦੱਸਿਆ ਕਿ ਟਰੇਡ ਯੂਨੀਅਨਾਂ ਵੱਲੋਂ 12 ਫ਼ਰਵਰੀ ਨੂੰ ਦੇਸ਼ ਵਿਆਪੀ ਹੜਤਾਲ ਦੇ ਦਿੱਤੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਮੋਦੀ ਅਤੇ ਟਰੰਪ ਦੇ ਪੁਤਲੇ ਫੂਕੇਗੀ। ਉਨ੍ਹਾਂ ਆਖਿਆ ਕਿ 6 ਫ਼ਰਵਰੀ ਨੂੰ ਬਠਿੰਡਾ ਧਰਨੇ ਵਿੱਚ ਸ਼ਮੂਲੀਅਤ ਕਰਨ ਜਾਂਦੇ ਕਿਸਾਨਾਂ ਨੂੰ ਲੌਂਗੋਵਾਲ ਥਾਣੇ ਦੀ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਕਿਸਾਨ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨਾਲ ਮਾੜਾ ਸਲੂਕ ਕੀਤਾ ਸੀ ਉਸ ਦੇ ਵਿਰੋਧ ਵਿੱਚ 13 ਫ਼ਰਵਰੀ ਨੂੰ ਬੀਕੇਯੂ ਉਗਰਾਹਾਂ ਵੱਲੋਂ ਲੌਂਗੋਵਾਲ ਥਾਣੇ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਜਸਵੰਤ ਸਿੰਘ ਤੋਲਾਵਾਲ, ਸੁਖਪਾਲ ਸਿੰਘ ਮਾਣਕ, ਬਹਾਦਰ ਸਿੰਘ ਭੁਟਾਲ, ਮਨਜੀਤ ਸਿੰਘ ਘਰਾਚੋਂ, ਜਗਤਾਰ ਸਿੰਘ ਲੱਡੀ, ਰਿੰਕੂ ਮੂਣਕ ਆਦਿ ਹਾਜ਼ਰ ਸਨ।