ਹਰਪਾਲ ਚੀਮਾ ਦੀ ਦਿੜ੍ਹਬਾ ਵਾਸੀਆਂ ਨੂੰ ਅਪੀਲ, ਵਿਕਾਸ ਕਾਰਜਾਂ ਦੀ ਖੁਦ ਨਿਗਰਾਨੀ ਕਰਨ ਲੋਕ
ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਵਿਧਾਨ ਸਭਾ ਹਲਕਾ ਦਿੜ੍ਹਬਾ ਵਿੱਚ ਵਿਕਾਸ ਦੇ ਕੰਮ ਪੂਰੇ ਜ਼ੋਰਾਂ ’ਤੇ ਚੱਲ ਰਹੇ ਹਨ। ਪੰਜਾਬ ਸਰਕਾਰ ਵੱਲੋਂ ਇਹਨਾਂ ਵਿਕਾਸ ਕਾਰਜਾਂ ਵਿੱਚ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਜਿੱਥੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਜ਼ਿੰਮੇਵਾਰ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ, ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਸੁਚੇਤ ਰਹਿਣ।
Publish Date: Mon, 17 Nov 2025 04:09 PM (IST)
Updated Date: Mon, 17 Nov 2025 04:13 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ। ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਵਿਧਾਨ ਸਭਾ ਹਲਕਾ ਦਿੜ੍ਹਬਾ ਵਿੱਚ ਵਿਕਾਸ ਦੇ ਕੰਮ ਪੂਰੇ ਜ਼ੋਰਾਂ ’ਤੇ ਚੱਲ ਰਹੇ ਹਨ। ਪੰਜਾਬ ਸਰਕਾਰ ਵੱਲੋਂ ਇਹਨਾਂ ਵਿਕਾਸ ਕਾਰਜਾਂ ਵਿੱਚ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਜਿੱਥੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਜ਼ਿੰਮੇਵਾਰ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ, ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਸੁਚੇਤ ਰਹਿਣ।
ਅੱਜ ਦਿੜ੍ਹਬਾ ਗਊਸ਼ਾਲਾ ਨੂੰ 10 ਲੱਖ ਰੁਪਏ, ਪਿੰਡ ਰਾਮਗੜ੍ਹ ਗੁੱਜਰਾਂ ਨੂੰ 20 ਲੱਖ ਰੁਪਏ, ਪਿੰਡ ਖੇਤਲਾ ਨੂੰ 34 ਲੱਖ ਰੁਪਏ ਅਤੇ ਲਾਡਬੰਜਾਰਾ ਨੂੰ 25 ਲੱਖ ਰੁਪਏ ਦੀਆਂ ਗ੍ਰਾਂਟਾਂ ਜਾਰੀ ਕਰਨ ਦੌਰਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਹਲਕਾ ਦਿੜ੍ਹਬਾ ਨੂੰ ਸੂਬੇ ਦਾ ਸਭ ਤੋਂ ਵਿਕਸਤ ਹਲਕਾ ਬਣਾਉਣਾ ਚਾਹੁੰਦੇ ਹਨ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ। ਹਲਕੇ ਵਿੱਚ ਵਿਕਾਸ ਕਾਰਜ ਪੂਰੇ ਜ਼ੋਰਾਂ ’ਤੇ ਚੱਲ ਰਹੇ ਹਨ। ਹਲਕੇ ਵਿੱਚ ਹੋਣ ਵਾਲੇ ਹਰੇਕ ਕੰਮ ਦੀ ਉਹ ਖੁਦ ਨਿਗਰਾਨੀ ਕਰ ਰਹੇ ਹਨ ਪਰ ਇਨ੍ਹਾਂ ਵਿਕਾਸ ਕਾਰਜਾਂ ਦੀ ਨਿਗਰਾਨੀ ਕਰਨ ਦੀ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਨਿਗਰਾਨੀ ਹੇਠ ਕਰਵਾਏ ਕੰਮਾਂ ਦੀ ਗੁਣਵੱਤਾ ਵੀ ਚੰਗੀ ਬਣੇਗੀ।
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅੱਜ 89 ਲੱਖ ਰੁਪਏ ਦੇ ਚੈੱਕ ਵੰਡੇ ਗਏ ਹਨ। ਇਸ ਰਾਸ਼ੀ ਨਾਲ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਗਲੀਆਂ, ਨਾਲੀਆਂ, ਕੈਮਰੇ, ਲਾਈਟਾਂ ਅਤੇ ਸ਼ੈੱਡ ਬਣਵਾਉਣ ਦੇ ਕੰਮ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਇਹ ਸਾਰੇ ਵਿਕਾਸ ਕਾਰਜ ਤੈਅ ਸਮਾਂ ਸੀਮਾ ਵਿੱਚ ਜਲਦ ਤੋਂ ਜਲਦ ਮੁਕੰਮਲ ਕਰਵਾਏ ਜਾਣਗੇ ਤਾਂ ਜੋ ਲੋਕ ਇਹਨਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ।
ਉਨ੍ਹਾਂ ਕਿਹਾ ਕਿ ਦਿੜ੍ਹਬਾ ਹਲਕੇ ਦੇ ਲੋਕਾਂ ਨੂੰ ਹਰੇਕ ਬੁਨਿਆਦੀ ਸਹੂਲਤ ਮਿਲੇਗੀ। ਪੰਜਾਬ ਸਰਕਾਰ ਲੋਕਾਂ ਵਲੋਂ ਚੁਣੀ ਗਈ ਲੋਕਾਂ ਦੀ ਸਰਕਾਰ ਹੈ। ਪੰਜਾਬ ਸਰਕਾਰ ਹਰੇਕ ਕੰਮ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕਰਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਵੀ ਉਨ੍ਹਾਂ ਨੂੰ ਅਤੇ ਪੰਜਾਬ ਸਰਕਾਰ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਜਿਸ ਲਈ ਲੋਕਾਂ ਦਾ ਬਹੁਤ ਧੰਨਵਾਦ ਹੈ।