ਪਿੰਡ ਗਹਿਲ ਦੇ ਕਿਸਾਨਾਂ ਨੇ ਮਾਰਕਫੈੱਡ ਦਫ਼ਤਰ ਅੱਗੇ ਲਗਾਇਆ ਧਰਨਾ
ਪਿੰਡ ਗਹਿਲ ਦੇ ਕਿਸਾਨਾਂ ਨੇ ਮਾਰਕਫੈੱਡ ਦਫ਼ਤਰ ਅੱਗੇ ਲਗਾਇਆ ਧਰਨਾ
Publish Date: Fri, 05 Dec 2025 05:46 PM (IST)
Updated Date: Sat, 06 Dec 2025 04:06 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਪਿੰਡ ਇਕਾਈਆਂ ਗਹਿਲ ਵੱਲੋਂ ਜੱਸਾ ਸਿੰਘ ਗਹਿਲ ਤੇ ਜੱਜ ਸਿੰਘ ਗਹਿਲ ਦੀ ਅਗਵਾਈ ’ਚ ਪਿੰਡ ਗਹਿਲ ਨੂੰ ਯੂਰੀਏ ਦੀ ਸਪਲਾਈ ਨੂੰ ਲੈ ਕੇ ਮਾਰਕਫੈੱਡ ਦੇ ਦਫ਼ਤਰ ਅੱਗੇ ਧਰਨਾ ਦੇਕੇ ਮੰਗ ਕੀਤੀ ਗਈ। ਇਸ ਸਮੇਂ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਡਕੌਂਦਾ ਬਲਾਕ ਮਹਿਲਕਲਾਂ ਦੇ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਤੇ ਬਲਵੀਰ ਸਿੰਘ ਮਨਾਲ ਨੇ ਕਿਹਾ ਕਿ ਪਿੰਡ ਗਹਿਲ ਤੇ ਨਰਾਇਣ ਗੜ੍ਹ ਸੋਹੀਆਂ ਦੀ ਸਾਂਝੀ ਬਹੁਮੰਤਵੀ ਸੁਸਾਇਟੀ ਹੈ। ਕਣਕ ਨੂੰ ਪਹਿਲਾ ਪਾਣੀ ਲਾਇਆ ਜਾ ਰਿਹਾ ਹੈ ਇਸ ਕਰ ਕੇ ਯੂਰੀਆ ਖਾਦ ਦੀ ਸਖ਼ਤ ਜ਼ਰੂਰਤ ਹੈ। ਬਾਕੀ ਦੀਆਂ ਸੁਸਾਇਟੀਆਂ ਨੂੰ 60 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਯੂਰੀਆ ਖਾਦ ਭੇਜੀ ਗਈ ਹੈ ਪਰ ਗਹਿਲ ਦੀ ਸੁਸਾਇਟੀ ਨੂੰ ਸਿਰਫ਼ 10 ਪ੍ਤੀਸ਼ਤ ਖਾਦ ਹੀ ਭੇਜੀ ਗਈ ਹੈ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਖਾਦ ਦੀ ਸਪਲਾਈ ਭੇਜਣ ’ਚ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਲਈ ਦੋਵਾਂ ਪਿੰਡਾਂ ਦੇ ਕਿਸਾਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਜ਼ੋਰਦਾਰ ਮੰਗ ਕੀਤੀ ਕਿ ਵਿਤਕਰੇਬਾਜ਼ੀ ਦੂਰ ਕੀਤੀ ਜਾਵੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਜਥੇਬੰਦੀਆਂ ਮਜ਼ਬੂਰ ਹੋਣਗੀਆਂ। ਇਸ ਮੌਕੇ ਸੁਸਾਇਟੀ ਪ੍ਰਧਾਨ ਸਰਪੰਚ ਸਾਉਣ ਸਿੰਘ, ਬਲੌਰ ਸਿੰਘ, ਕੇਵਲ ਸਿੰਘ, ਹਾਕਮ ਸਿੰਘ, ਹਰਜਿੰਦਰ ਸਿੰਘ ਕੁਲਦੀਪ ਸਿੰਘ, ਸੁਸਾਇਟੀ ਸਕੱਤਰ ਪਰਮਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਦੋਵੇਂ ਪਿੰਡਾਂ ਦੇ ਲੋਕ ਸ਼ਾਮਲ ਸਨ।