ਲੋਹੜੀ ਦੀ ਸਵੇਰ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ, ਗੋਲੀ ਲੱਗਣ ਮਗਰੋਂ ਗੈਂਗਸਟਰ ਚੜ੍ਹਿਆ ਪੁਲਿਸ ਅੜਿੱਕੇ
ਲੋਹੜੀ ਦੀ ਸਵੇਰ ਬਰਨਾਲਾ ਵਿਖੇ ਬਰਨਾਲਾ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਏ ਮੁਕਾਬਲੇ 'ਚ ਇੱਕ ਗੈਂਗਸਟਰ ਦੇ ਲੱਤ 'ਚ ਗੋਲੀ ਲੱਗਣ ਕਰਕੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਏ ਮੁਕਾਬਲੇ ਵਾਲੀ ਜਗ੍ਹਾ 'ਤੇ ਪੁੱਜ ਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਦੋ ਗੈਂਗਸਟਰ ਗਰੁੱਪ, ਜਿਨਾਂ ’ਚੋਂ ਇੱਕ ਗਰੁੱਪ ਦੀ ਅਗਵਾਈ ਅਕਰਮ ਖ਼ਾਨ ਕਰ ਰਿਹਾ ਸੀ
Publish Date: Tue, 13 Jan 2026 12:39 PM (IST)
Updated Date: Tue, 13 Jan 2026 12:40 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਲੋਹੜੀ ਦੀ ਸਵੇਰ ਬਰਨਾਲਾ ਵਿਖੇ ਬਰਨਾਲਾ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਏ ਮੁਕਾਬਲੇ 'ਚ ਇੱਕ ਗੈਂਗਸਟਰ ਦੇ ਲੱਤ 'ਚ ਗੋਲੀ ਲੱਗਣ ਕਰਕੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਏ ਮੁਕਾਬਲੇ ਵਾਲੀ ਜਗ੍ਹਾ 'ਤੇ ਪੁੱਜ ਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਦੋ ਗੈਂਗਸਟਰ ਗਰੁੱਪ, ਜਿਨਾਂ ’ਚੋਂ ਇੱਕ ਗਰੁੱਪ ਦੀ ਅਗਵਾਈ ਅਕਰਮ ਖ਼ਾਨ ਕਰ ਰਿਹਾ ਸੀ ਅਤੇ ਦੂਜੇ ਦੀ ਅਗਵਾਈ ਅਕਾਸ਼ਦੀਪ ਸਿੰਘ ਕਰ ਰਿਹਾ ਸੀ, ਦੇ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਆਪਸੀ ਰੰਜਿਸ਼ ਚੱਲ ਰਹੀ ਸੀ ਅਤੇ ਦੋਵੇਂ ਇੱਕ ਦੂਜੇ ਦਾ ਨੁਕਸਾਨ ਕਰਨ ਦੀ ਤਾਕ ’ਚ ਸਨ।
ਐਸਐਸਪੀ ਨੇ ਦੱਸਿਆ ਕਿ 11 ਜਨਵਰੀ ਦੀ ਰਾਤ ਨੂੰ ਅਕਰਮ ਖ਼ਾਨ ਦੇ ਗਰੁੱਪ ਵੱਲੋਂ ਆਕਾਸਦੀਪ ਦੇ ਘਰ ਫਾਇਰਿੰਗ ਵੀ ਕੀਤੀ ਗਈ ਜਿਸ ’ਚ ਆਕਾਸ਼ ਜ਼ਖ਼ਮੀ ਹੋ ਗਿਆ ਸੀ, ਜਿਸ ਤੋਂ ਬਾਅਦ ਬਰਨਾਲਾ ਪੁਲਿਸ ਨੇ ਫਾਇਰਿੰਗ ਕਰਨ ਵਾਲਿਆਂ ਦੀ ਪੈੜ ਨੱਪਣ ਲਈ ਟੀਮਾਂ ਦਾ ਗਠਨ ਕੀਤਾ। ਐਸਐਸਪੀ ਨੇ ਦੱਸਿਆ ਕਿ ਇਸ ਦੌਰਾਨ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਤੇ ਐਸਐਚਓ ਸਿਟੀ ਥਾਣਾ 1 ਦੇ ਇੰਚਾਰਜ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਇਨਪੁੱਟ ਮਿਲੀ ਕਿ ਕੁਝ ਸ਼ੱਕੀ ਵਿਅਕਤੀ ਟ੍ਰਾਈਡੈਂਟ ਫੈਕਟਰੀ ਦੇ ਨੇੜੇ ਬੇਆਬਾਦ ਕਲੋਨੀ ਦੇ ਵਿੱਚ ਇਕੱਠੇ ਹੋਏ ਹਨ।
ਸੂਚਨਾ ਤੋਂ ਬਾਅਦ ਮੌਕੇ 'ਤੇ ਜਦੋਂ ਪੁਲਿਸ ਪਹੁੰਚੀ ਤਾਂ ਪੁਲਿਸ ਮੁਕਾਬਲੇ ਦੌਰਾਨ ਜ਼ਖ਼ਮੀ ਹੋਏ ਦੋਸ਼ੀਆਂ ਵੱਲੋਂ ਪੁਲਿਸ 'ਤੇ ਓਪਨ ਫਾਇਰ ਕੀਤਾ ਗਿਆ, ਜੋ ਪੁਲਿਸ ਦੀ ਗੱਡੀ ਵਿੱਚ ਲੱਗਿਆ ਅਤੇ ਪੁਲਿਸ ਵੱਲੋਂ ਕੀਤੀ ਜਵਾਬੀ ਫਾਇਰਿੰਗ ਦੌਰਾਨ ਇੱਕ ਗੋਲੀ ਅਕਰਮ ਖ਼ਾਨ ਦੀ ਲੱਤ 'ਚ ਲੱਗੀ। ਪੁਲਿਸ ਨੇ ਮੌਕੇ 'ਤੇ ਇੱਕ ਪਿਸਤੌਲ ਤੇ ਮੋਟਰਸਾਈਕਲ ਬਰਾਮਦ ਕੀਤਾ ਅਤੇ ਜ਼ਖ਼ਮੀ ਸਮੇਤ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ। ਜ਼ਖ਼ਮੀ ਗੈਂਗਸਟਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।