ਪੰਜਾਬ ਕਾਂਗਰਸ ਦੇ ਇੰਚਾਰਜ ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਬਰਨਾਲਾ ਫੇਰੀ 'ਤੇ ਮਨਰੇਗਾ ਰੈਲੀਆਂ 'ਚ ਮਜ਼ਦੂਰਾਂ ਨੂੰ ਮਿਲਣ ਪੁੱਜਣ 'ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਗ਼ੈਰ ਹਾਜ਼ਰੀ 'ਤੇ ਪੁੱਛੇ ਸਵਾਲ 'ਤੇ ਉਹ ਟਾਲ਼ਾ ਵੱਟ ਗਏ।
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਕਾਂਗਰਸ ਦੇ ਇੰਚਾਰਜ ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਬਰਨਾਲਾ ਫੇਰੀ 'ਤੇ ਮਨਰੇਗਾ ਰੈਲੀਆਂ 'ਚ ਮਜ਼ਦੂਰਾਂ ਨੂੰ ਮਿਲਣ ਪੁੱਜਣ 'ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਗ਼ੈਰ ਹਾਜ਼ਰੀ 'ਤੇ ਪੁੱਛੇ ਸਵਾਲ 'ਤੇ ਉਹ ਟਾਲ਼ਾ ਵੱਟ ਗਏ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਪੰਜਾਬ ਵਿੱਚ ਮਨਰੇਗਾ ਮਜ਼ਦੂਰਾਂ ਨਾਲ ਕਾਂਗਰਸ ਛੇ ਰੈਲੀਆਂ ਕਰ ਚੁੱਕੀ ਹੈ ਤੇ ਚਰਨਜੀਤ ਚੰਨੀ ਇਨ੍ਹਾਂ ਰੈਲੀਆਂ ਵਿੱਚ ਹੀ ਗੈਰ ਹਾਜ਼ਰ ਹਨ, ਤਾਂ ਪੰਜਾਬ ਕਾਂਗਰਸ ਇੰਚਾਰਜ ਨੇ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਨ ਆਏ ਹਾਂ ਕਹਿ ਕੇ ਕੋਈ ਵੀ ਢੁੱਕਵਾਂ ਜਵਾਬ ਨਹੀਂ ਦਿੱਤਾ। ਉਹ ਦੇਰ ਰਾਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਖੁੱਡੀ ਕਲਾਂ ਵਿਖੇ ਮਨਰੇਗਾ ਦੇ ਕੁਝ ਲੋਕਾਂ ਨੂੰ ਮਿਲਣ ਲਈ ਕਿਸੇ ਦੇ ਨਿੱਜੀ ਘਰ ਪੁੱਜੇ। ਜਿੱਥੇ ਉਨ੍ਹਾਂ ਨੇ ਇੱਕ ਘੰਟੇ ਦੇ ਕਰੀਬ ਰੁਕਦਿਆਂ ਮਨਰੇਗਾ ਦੇ ਲੋਕਾਂ ਨੂੰ ਕੁਝ ਹਿੰਦੀ 'ਚ ਕਹਾਣੀਨੁਮਾ ਭਾਸ਼ਣ ਦਿੱਤਾ। ਅੰਤ 'ਚ ਉਨ੍ਹਾਂ ਨੇ ਕਾਂਗਰਸੀ ਆਗੂ ਤੇ ਵਰਕਰਾਂ ਨਾਲ ਤਸਵੀਰਾਂ ਕਰਵਾਉਣ ਉਪਰੰਤ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਹਲਕਾ ਬਰਨਾਲਾ ਦੇ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸਣੇ ਕੁਝ ਮਹਿਲਾ ਕਾਂਗਰਸੀ ਆਗੂਆਂ ਨਾਲ ਸਰ੍ਹੋਂ ਦਾ ਸਾਗ ਤੇ ਮੱਖਣ ਪਾ ਕੇ ਬਾਜ਼ਰੇ ਤੇ ਮੱਕੇ ਦੀਆਂ ਰੋਟੀਆਂ ਨਾਲ ਲੱਸੀ ਪੀਤੀ।
ਗੋਹਾ ਪੱਥਣ ਤੇ ਪਾਥੀਆਂ ਵੇਚਣ ਦਾ ਦਿੱਤਾ ਹੋਕਾ
ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਵੱਲੋਂ ਮਨਰੇਗਾ ਦੀਆਂ ਮਹਿਲਾਵਾਂ ਨੂੰ ਪਸ਼ੂਆਂ ਦਾ ਗੋਹਾ ਪੱਥਣ ਤੇ ਉਹਨਾਂ ਦੀਆਂ ਪਾਥੀਆਂ ਵੇਚਣ ਦੇ ਕਾਰੋਬਾਰ ਦਾ ਹੋਕਾ ਦਿੱਤਾ ਗਿਆ ਜਿਸ ਦਾ ਉਨ੍ਹਾਂ ਵੱਲੋਂ ਪਹਿਲਾਂ ਹਿੰਦੀ ਵਿੱਚ ਕਹਾਣੀਨੁਮਾ ਭਾਸ਼ਣ ਦਿੱਤਾ ਗਿਆ। ਜਿਸ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮੌਕੇ 'ਤੇ ਹੀ ਪੰਜਾਬੀ 'ਚ ਅਨੁਵਾਦ ਕਰਕੇ ਸਪੀਕਰ ਤੋਂ ਬੋਲਿਆ ਜਾ ਰਿਹਾ ਸੀ। ਅੰਤਾਂ ਦੀ ਠੰਢ 'ਚ ਮਨਰੇਗਾ ਦੇ ਕੁਝ ਲੋਕਾਂ ਦਾ ਇਕੱਠ ਕਰਕੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਪਿੰਡ ਖੁੱਡੀ 'ਚ ਗੋਹੇ ਦੇ ਕਾਰੋਬਾਰ ਨੂੰ ਹੀ ਲੱਖਾਂ ਦਾ ਕਾਰੋਬਾਰ ਦੱਸ ਕੇ ਗਏ ਹਨ।
ਭਾਜਪਾ ਵੱਲੋਂ ਲਿਆਂਦੇ ਗਏ ਬਿੱਲ ਖ਼ਿਲਾਫ਼ ਖੁਦ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੋਲਦਿਆਂ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਵੀ ਭੜਾਸ ਕੱਢੀ।
ਕਾਂਗਰਸ ਆਗੂਆਂ ਨੂੰ ਮੰਜਿਆਂ ਤੋਂ ਉਠਾ ਕੀਤਾ ਬਾਹਰ
ਪਿੰਡ ਖੁੱਡੀ ਕਲਾਂ ਜਦੋਂ ਹੀ ਦੇਰ ਰਾਤ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਆਲਾ ਕਾਂਗਰਸੀ ਆਗੂਆਂ ਦਾ ਕਾਫਲਾ ਉਲੀਕੇ ਹੋਏ ਸਮਾਗਮ 'ਚ ਪੁੱਜਾ ਤਾਂ ਰਾਜਾ ਵੜਿੰਗ ਨੇ ਅੰਦਰ ਵੜਦਿਆਂ ਹੀ ਪਹਿਲਾਂ ਮੰਜਿਆਂ 'ਤੇ ਬੈਠੇ ਹੋਏ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਉਠਾ ਕੇ ਪਾਸੇ ਕਰ ਦਿੱਤਾ। ਸਵੇਰ ਤੋਂ ਉਸ ਥਾਂ ਤੇ ਕੋਈ ਆਸ ਲਾਈ ਬੈਠੀਆਂ ਮਨਰੇਗਾ ਮਹਿਲਾਵਾਂ ਅਤੇ ਮਨਰੇਗਾ 'ਚ ਕੰਮ ਕਰਦੇ ਮਜ਼ਦੂਰਾਂ ਨੂੰ ਰਾਜਾ ਵੜਿੰਗ ਨੇ ਕਾਂਗਰਸ ਦੀ ਸਰਕਾਰ ਆਉਣ 'ਤੇ ਜਿੱਥੇ ਵਧੇਰੇ ਕੰਮ ਦਾ ਭਰੋਸਾ ਦਿੱਤਾ ਉੱਥੇ ਹੀ ਮਨਰੇਗਾ ਨੂੰ ਕਾਂਗਰਸ ਦੀ ਦੇਣ ਦੱਸਿਆ।