ਲੱਭੇ ਫੋਨ ਰਾਹੀਂ 1 ਲੱਖ ਦੀ ਧੋਖਾਧੜੀ ਕਰਨ ਵਾਲੇ ਨਾਮਾਲੂਮ ਖ਼ਿਲਾਫ਼ ਮਾਮਲਾ ਦਰਜ
ਲੱਭੇ ਮੋਬਾਈਲ ਫੋਨ ਰਾਹੀਂ 1 ਲੱਖ 17 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਵਾਲੇ ਨਾਮਾਲੂਮ ਖ਼ਿਲਾਫ਼ ਮਾਮਲਾ ਦਰਜ
Publish Date: Sat, 17 Jan 2026 05:15 PM (IST)
Updated Date: Sun, 18 Jan 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸ਼ਹਿਰ ਬਰਨਾਲਾ ’ਚ ਇਕ ਵਿਅਕਤੀ ਦਾ ਮੋਬਾਈਲ ਫੋਨ ਡਿੱਗਣ ’ਤੇ ਨਾਮਾਲੂਮ ਵਿਅਕਤੀ ਵੱਲੋਂ ਵੱਖ-ਵੱਖ ਐਂਟਰੀਆਂ ਰਾਹੀਂ 1 ਲੱਖ 17 ਹਜ਼ਾਰ 848 ਰੁਪਏ ਕਢਵਾ ਕੇ ਧੋਖਾਧੜੀ ਕਰਨ ਵਾਲੇ ਖ਼ਿਲਾਫ਼ ਥਾਣਾ ਸਾਈਬਰ ਕ੍ਰਾਈਮ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਸਾਈਬਰ ਕ੍ਰਾਈਮ ਦੀ ਐੱਸਐੱਚਓ ਇੰਸਪੈਕਟਰ ਕਮਲਜੀਤ ਕੌਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਭੋਲੇ ਭਾਲੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸੇ ਮੁਹਿੰਮ ਤਹਿਤ ਮੁਦੱਈ ਹਰਭਜਨ ਸਿੰਘ ਪੁੱਤਰ ਨਿਰੰਗ ਸਿੰਘ ਵਾਸੀ ਸੁਰਜੀਤਪੁਰਾ ਕੋਠੇ, ਸੇਖਾ ਰੋਡ ਬਰਨਾਲਾ ਨੇ ਸਾਈਬਰ ਕ੍ਰਾਈਮ ਕੋਲ ਸ਼ਿਕਾਇਤ ਦਿੱਤੀ ਕਿ ਉਸ ਕੋਲ ਇਕ ਵੀਵੋ ਕੰਪਨੀ ਦਾ ਮੋਬਾਈਲ ਫੋਨ ਹੈ, ਉਹ 24 ਅਗਸਤ 2025 ਨੂੰ ਬਰਨਾਲਾ ਸ਼ਹਿਰ ’ਚ ਕੰਮ ਕਰਨ ਲਈ ਆਇਆ ਸੀ ਤਾਂ ਸ਼ਹਿਰ ਬਰਨਾਲਾ ਅੰਦਰ ਮੋਬਾਈਲ ਡਿਗ ਪਿਆ। ਕਿਸੇ ਨਾਮਾਲੂਮ ਵਿਅਕਤੀ ਨੇ ਉਹ ਫੋਨ ਚੁੱਕ ਲਿਆ ਤੇ ਥੋੜ੍ਹੇ ਸਮੇਂ ਬਾਅਦ ਫੋਨ ਬੰਦ ਕਰ ਦਿੱਤਾ, ਫਿਰ 27 ਅਗਸਤ 2025 ਨੂੰ ਮੋਬਾਈਲ ਫੋਨ ਦੁਬਾਰਾ ਚਾਲੂ ਹੋ ਗਿਆ। ਇਹ ਫੋਨ ਨੰਬਰ ਮੁੱਦਈ ਦੇ ਪੀਐੱਨਬੀ ਬੈਂਕ ਖਾਤੇ ਨਾਲ ਜੁੜਿਆ ਹੋਇਆ ਸੀ। 8 ਸਤੰਬਰ 2025 ਨੂੰ ਮੁਦੱਈ ਨੇ ਆਪਣੇ ਖਾਤੇ ਦੀ ਸਟੇਟਮੈਂਟ ਕਢਵਾਈ ਤਾਂ ਪਤਾ ਲੱਗਿਆ ਕਿ ਕਿਸੇ ਨਾਮਾਲੂਮ ਵਿਅਕਤੀ ਨੇ ਵੱਖ-ਵੱਖ ਐਂਟਰੀਆਂ ਰਾਹੀਂ ਇਕ ਲੱਖ 17 ਹਜ਼ਾਰ 848 ਰੁਪਏ ਕਢਵਾ/ਟਰਾਂਸਫ਼ਰ ਕਰ ਕੇ ਮੁਦੱਈ ਨਾਲ ਧੋਖਾਧੜੀ ਕੀਤੀ ਹੈ। ਉੱਧਰ ਪੁਲਿਸ ਕਾਰਵਾਈ ਅਨੁਸਾਰ ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਨਾਮਾਲੂਮ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਸਾਈਬਰ ਕ੍ਰਾਈਮ ਬਰਨਾਲਾ ਵਿਖੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।