ਸੰਗਰੂਰ ਤੇ ਮਾਲੇਰਕੋਟਲਾ 'ਚ ਬੰਬ ਦੀ ਦਹਿਸ਼ਤ: ਸਕੂਲਾਂ ਤੇ ਧੂਰੀ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਮਿਲੀ ਧਮਕੀ, ਪੁਲਿਸ ਵੱਲੋਂ ਸਰਚ ਆਪ੍ਰੇਸ਼ਨ
ਪ੍ਰਸ਼ਾਸਨ ਨੇ ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਮਾਪਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਚਿਤਾਵਨੀ ਦਿੱਤੀ ਹੈ ਕਿ ਅਫ਼ਵਾਹਾਂ ਫੈਲਾ ਕੇ ਮਾਹੌਲ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਈ-ਮੇਲ ਭੇਜਣ ਵਾਲੇ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ।
Publish Date: Mon, 18 May 2026 01:52 PM (IST)
Updated Date: Mon, 18 May 2026 01:54 PM (IST)
ਜਾਗਰਣ ਪੱਤਰ ਪ੍ਰੇਰਕ, ਸੰਗਰੂਰ: ਜ਼ਿਲ੍ਹਾ ਸੰਗਰੂਰ ਅਤੇ ਮਾਲੇਰਕੋਟਲਾ ਦੇ ਕਈ ਨਿੱਜੀ ਸਕੂਲਾਂ ਸਮੇਤ ਧੂਰੀ ਰੇਲਵੇ ਸਟੇਸ਼ਨ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਵੱਖ-ਵੱਖ ਸਕੂਲਾਂ ਵਿੱਚ ਟੀਮਾਂ ਭੇਜ ਕੇ ਜਾਂਚ ਮੁਹਿੰਮ ਚਲਾਈ ਗਈ। ਪੁਲਿਸ ਅਧਿਕਾਰੀਆਂ ਨੇ ਸਕੂਲ ਕੰਪਲੈਕਸਾਂ, ਜਮਾਤਾਂ, ਰੇਲਵੇ ਸਟੇਸ਼ਨ, ਉੱਥੋਂ ਗੁਜ਼ਰਨ ਵਾਲੀਆਂ ਰੇਲ ਗੱਡੀਆਂ ਅਤੇ ਯਾਤਰੀਆਂ ਦੇ ਸਾਮਾਨ ਦੀ ਬਾਰੀਕੀ ਨਾਲ ਤਲਾਸ਼ੀ ਲਈ ਤਾਂ ਜੋ ਕਿਸੇ ਵੀ ਸੰਭਾਵੀ ਖ਼ਤਰੇ ਨੂੰ ਟਾਲਿਆ ਜਾ ਸਕੇ। ਖ਼ਾਸ ਗੱਲ ਇਹ ਰਹੀ ਕਿ ਪੁਲਿਸ ਨੇ ਸਕੂਲਾਂ ਨੂੰ ਖਾਲੀ ਕਰਵਾਏ ਬਿਨਾਂ ਹੀ ਚੈਕਿੰਗ ਕੀਤੀ ਅਤੇ ਕਿਤੇ ਵੀ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।
ਐਸ.ਪੀ. (ਡੀ) ਸੰਗਰੂਰ ਦਵਿੰਦਰ ਅੱਤਰੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਕਿਸੇ ਵੀ ਸਕੂਲ ਜਾਂ ਰੇਲਵੇ ਸਟੇਸ਼ਨ ਤੋਂ ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਿਰਫ਼ ਇੱਕ ਅਫ਼ਵਾਹ ਸਾਬਤ ਹੋਈ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪੂਰੀ ਚੌਕਸੀ ਨਾਲ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ।