ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਰੁੱਖ ਪੁੱਟਣ ਸਬੰਧੀ ਦਰਜ ਉਕਤ ਐਫਆਈਆਰ ਦੀ ਜ਼ਿਲ੍ਹਾ ਭਰ ’ਚ ਚਰਚਾ ਹੋ ਰਹੀ ਹੈ। ਜ਼ਿਲ੍ਹੇ ਦੇ ਵਾਤਾਵਰਨ ਪ੍ਰੇਮੀਆਂ ਤੇ ਜ਼ਿਲ੍ਹਾ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਐਫਆਈਆਰ ਸਿਆਸੀ ਦਬਾਅ ਹੇਠ ਅਣਪਛਾਤੇ ਵਿਅਕਤੀਆਂ ਖਿਲਾਫ਼ ਦਰਜ ਕਰਵਾ ਕੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਅਧਿਕਾਰੀਆਂ ਨੇ ਆਪਣੇ-ਆਪ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਸੁਣਵਾਈ ਤੋਂ ਸੁਰੱਖਿਅਤ ਹੋਣ ਦਾ ਯਤਨ ਕੀਤਾ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਨਗਰ ਸੁਧਾਰ ਟਰੱਸਟ ਬਰਨਾਲਾ ਦੀ ਮਲਕੀਅਤ ਸ਼ਹੀਦ ਭਾਈ ਮਨੀ ਸਿੰਘ ਨਗਰ 25 ਏਕੜ ਸਕੀਮ ਵਾਲੀ ਜਗਾ ’ਚੋਂ 1 ਅਤੇ 2 ਫਰਵਰੀ 2026 ਨੂੰ ਦਰਜਨਾਂ ਹਰੇ-ਭਰੇ ਰੁੱਖ ਗੈਰ-ਕਾਨੂੰਨੀ ਪੁੱਟਣ ਸਬੰਧੀ ਐਨਜੀਟੀ ਵਿਖੇ ਸੁਣਵਾਈ ਅਧੀਨ ਕੇਸ ’ਚ ਉਸ ਸਮੇਂ ਨਵਾ ਮੋੜ ਆ ਗਿਆ ਜਦੋਂ ਰੁੱਖ ਪੁੱਟਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਕਾਰਜ ਸਾਧਕ ਅਫ਼ਸਰ ਦੇ ਪੱਤਰ ਦੇ ਅਧਾਰ 'ਤੇ ਹੀ ਪੁਲਿਸ ਥਾਣਾ ਸਿਟੀ ਬਰਨਾਲਾ ਵਿਖੇ ਅਣਪਛਾਤੇ ਵਿਆਕਤੀਆਂ ਖਿਲਾਫ਼ ਪੁਲਿਸ ਨੇ ਉਕਤ ਜਗਾ ’ਚੋਂ ਰੁੱਖ ਪੁੱਟਣ ਸਬੰਧੀ ਘਟਨਾ ਤੋਂ 3 ਮਹੀਨੇ 15 ਦਿਨਾਂ ਬਾਅਦ ਐਫਆਈਆਰ ਦਰਜ ਕਰ ਦਿੱਤੀ ਹੈ। ਦਰਜ ਮਾਮਲੇ ਅਨੁਸਾਰ ਕਾਰਜ ਸਾਧਕ ਅਫ਼ਸਰ ਬਰਨਾਲਾ ਨੇ ਮੁੱਖ ਅਫ਼ਸਰ ਪੁਲਿਸ ਥਾਣਾ ਸਿਟੀ ਬਰਨਾਲਾ ਨੂੰ ਲਿਖੇ ਪੱਤਰ ਰਾਹੀ ਲਿਖਿਆ ਹੈ ਕਿ ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ ਸ਼ਹੀਦ ਭਾਈ ਮਨੀ ਸਿੰਘ ਨਗਰ 25 ਏਕੜ ਬਰਨਾਲਾ ਨੂੰ ਡਿਵੈੱਲਪ ਕੀਤਾ ਜਾਣਾ ਹੈ। ਇਸ ਸਕੀਮ ਵਾਲੀ ਜਗਾ ’ਚੋਂ ਸੁੱਕੇ ਤੇ ਹਰੇ ਰੁੱਖ ਪਿਛਲੇ ਸਮੇਂ ਦੌਰਾਨ ਅਣਪਛਾਤੇ ਵਿਆਕਤੀ ਚੋਰੀ ਕਰ ਕੇ ਲੈ ਗਏ ਹਨ। ਚੋਰੀ ਹੋਏ ਰੁੱਖਾਂ ਸਬੰਧੀ ਅਣਪਛਾਤੇ ਵਿਆਕਤੀਆਂ ਖਿਲਾਫ਼ ਐਫਆਈਆਰ ਦਰਜ ਕੀਤੀ ਜਾਵੇ।
ਕਾਰਜ ਸਾਧਕ ਅਫ਼ਸਰ ਦੇ ਪੱਤਰ ਅਨੁਸਾਰ ਪੁਲਿਸ ਨੇ ਪੁਲਿਸ ਥਾਣਾ ਸਿਟੀ ਬਰਨਾਲਾ ਵਿਖੇ ਐਫਆਈਆਰ ਨੰਬਰ 236 ਅਧੀਨ ਧਰਾਵਾਂ 303(3) ਅਣਪਛਾਤੇ ਵਿਅਕਤੀਆਂ ਖਿਲਾਫ਼ ਦਰਜ ਕੀਤੀਆਂ ਗਈਆਂ ਹਨ। ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਰੁੱਖ ਪੁੱਟਣ ਸਬੰਧੀ ਦਰਜ ਉਕਤ ਐਫਆਈਆਰ ਦੀ ਜ਼ਿਲ੍ਹਾ ਭਰ ’ਚ ਚਰਚਾ ਹੋ ਰਹੀ ਹੈ। ਜ਼ਿਲ੍ਹੇ ਦੇ ਵਾਤਾਵਰਨ ਪ੍ਰੇਮੀਆਂ ਤੇ ਜ਼ਿਲ੍ਹਾ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਐਫਆਈਆਰ ਸਿਆਸੀ ਦਬਾਅ ਹੇਠ ਅਣਪਛਾਤੇ ਵਿਅਕਤੀਆਂ ਖਿਲਾਫ਼ ਦਰਜ ਕਰਵਾ ਕੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਅਧਿਕਾਰੀਆਂ ਨੇ ਆਪਣੇ-ਆਪ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਸੁਣਵਾਈ ਤੋਂ ਸੁਰੱਖਿਅਤ ਹੋਣ ਦਾ ਯਤਨ ਕੀਤਾ ਹੈ।
ਦਰਅਸਲ ਬੀਤੇ ਦਿਨੀਂ ਐਨਜੀਟੀ ਨਵੀ ਦਿੱਲੀ ਵਲੋਂ ਨਗਰ ਸੁਧਾਰ ਟਰੱਸਟ ਬਰਨਾਲਾ ਦੀ ਉਕਤ ਜਗ੍ਹਾ 'ਚੋਂ ਹਰੇ-ਭਰੇ ਰੁੱਖ ਗੈਰ ਕਾਨੂੰਨੀ ਪੁੱਟਣ ਦਾ ਸਖ਼ਤ ਨੋਟਿਸ ਲੈਦਿਆਂ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਗਈ ਸੀ। ਜਾਂਚ ਟੀਮ ਵਲੋਂ ਘਟਨਾ ਸਥਾਨ ’ਤੇ ਪਹੁੰਚ ਕੇ ਬਰੀਕੀ ਨਾਲ ਪੜਤਾਲ ਕਰਨ ਤੋਂ ਬਾਅਦ ਆਪਣੀ 35 ਸਫ਼ਿਆਂ ਦੀ ਵਿਸਥਾਰ ਪੜਤਾਲੀਆਂ ਰਿਪੋਰਟ ਐਨਜੀਟੀ ਨੂੰ ਸੌਂਪੀ ਗਈ ਹੈ। ਇਸ ਵਿਚ ਗਠਿਤ ਜਾਂਚ ਟੀਮ ਨੇ ਸਪੱਸਟ ਸਿਫਾਰਸ਼ ਕੀਤੀ ਹੈ ਕਿ ਐਸਐਸਪੀ ਬਰਨਾਲਾ ਨੂੰ ਜ਼ਿੰਮੇਵਾਰੀ ਅਧਿਕਾਰੀਆਂ ਵਿਰੁੱਧ ਜਨਤਕ ਜਾਇਦਾਦ ਚੋਰੀ ਅਤੇ ਅਪਰਾਧਿਕ ਵਿਸ਼ਵਾਸਘਾਤ ਤਹਿਤ ਐਫਆਈਆਰ ਦਰਜ ਕਰਨ ਦਾ ਨਿਰਦੇਸ਼ ਦੇਣ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਸਮਰੱਥ ਅਧਿਕਾਰੀ ਤੇ ਸਹਿਯੋਗੀ ਅਧਿਕਾਰੀਆਂ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂ ਤਹਿਤ ਰਸਮੀ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਸੀ। ਜਿਹੜੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਅਧਿਕਾਰੀਆਂ ਖਿਲਾਫ਼ ਕਮੇਟੀ ਨੇ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਸੀ ਉਨ੍ਹਾਂ ਨੇ ਹੀ ਅਣਪਛਾਤੇ ਵਿਅਕਤੀਆਂ ਖਿਲਾਫ਼ ਰੁੱਖ ਚੋਰੀ ਕਰਨ ਦੀ ਐਫ.ਆਈ.ਆਰ ਦਰਜ ਕਰਵਾ ਕੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਦਾ ਯਤਨ ਕੀਤਾ ਹੈ।
ਮਾਮਲੇ ਦੀ ਅਗਲੇਰੀ ਸੁਣਵਾਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਵਿਖੇ 3 ਜੁਲਾਈ ਨੂੰ ਹੋਵੇਗੀ।
ਹੁਣ ਦੇਖਣਾ ਇਹ ਹੋਵੇਗਾ ਕਿ ਸੁਣਵਾਈ ਦੌਰਾਨ ਪੁਲਿਸ ਵਲੋਂ ਅਣਪਛਾਤਿਆਂ ਖਿਲਾਫ਼ ਦਰਜ ਕੀਤੀ ਗਈ ਐਫਆਈਆਰ ਨੂੰ ਮੰਨਿਆ ਜਾਵੇਗਾ ਜਾਂ ਗਠਿਤ ਕੀਤੀ ਗਈ ਜਾਂਚ ਕਮੇਟੀ ਦੀ ਰਿਪੋਰਟ ਅਨੁਸਾਰ ਅਧਿਕਾਰੀਆਂ ਖਿਲਾਫ਼ ਕਾਰਵਾਈ ਦਾ ਆਦੇਸ਼ ਹੋਵੇਗਾ।