ਬਰਨਾਲਾ: ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਵੱਲੋਂ ਅਣਮਿਥੇ ਸਮੇਂ ਲਈ ਹੜਤਾਲ, ਲੋਕ ਹੋਏ ਖ਼ੱਜਲ-ਖ਼ੁਆਰ
ਜਾਣਕਾਰੀ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ ਬਰਨਾਲਾ, ਤਪਾ, ਮਹਿਲ ਕਲਾਂ, ਭਦੌੜ ਅਤੇ ਸਹਿਣਾ ਵਿਖੇ ਚੱਲ ਰਹੇ ਲਗਭਗ 14 ਸੇਵਾ ਕੇਂਦਰਾਂ ਵਿੱਚ ਬੁੱਧਵਾਰ ਨੂੰ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ। ਹੜਤਾਲ 'ਤੇ ਬੈਠੇ ਮੁਲਾਜ਼ਮਾਂ—ਲਵਪ੍ਰੀਤ ਸਿੰਘ, ਗਗਨਦੀਪ ਸਿੰਘ, ਚਰਨਜੀਤ ਸਿੰਘ, ਗੁਰਵਿੰਦਰ ਸਿੰਘ, ਬਲਕਾਰ ਸਿੰਘ, ਦਿਲਦਾਰ ਖਾਨ, ਸੰਦੀਪ ਕੌਰ ਤੇ ਗੁਰਵਿੰਦਰ ਕੌਰ—ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਸੇਵਾ ਕੇਂਦਰਾਂ ਵਿੱਚ ਕੰਮ ਕਰ ਰਹੇ ਹਨ।
Publish Date: Wed, 27 May 2026 01:35 PM (IST)
Updated Date: Wed, 27 May 2026 01:36 PM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ । ਸੇਵਾ ਕੇਂਦਰ ਯੂਨੀਅਨ ਦੀ ਜ਼ਿਲ੍ਹਾ ਇਕਾਈ ਬਰਨਾਲਾ ਵਲੋਂ ਸੂਬਾ ਸੱਤਾ 'ਤੇ ਆਪਣੀਆਂ ਮੰਗਾਂ ਸਬੰਧੀ ਕੰਮਕਾਜ ਬੰਦ ਕਰਕੇ ਅਣਮਿਥੇ ਸਮੇਂ ਲਈ ਹੜ੍ਹਤਾਲ ਸੁਰੂ ਕਰ ਦਿੱਤੀ ਹੈ। ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸਬੰਧੀ ਡੀਸੀ ਬਰਨਾਲਾ ਨੂੰ ਮੰਗ ਪੱਤਰ ਵੀ ਸੌਂਪਿਆ।
ਜਾਣਕਾਰੀ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ ਬਰਨਾਲਾ, ਤਪਾ, ਮਹਿਲ ਕਲਾਂ, ਭਦੌੜ ਅਤੇ ਸਹਿਣਾ ਵਿਖੇ ਚੱਲ ਰਹੇ ਲਗਭਗ 14 ਸੇਵਾ ਕੇਂਦਰਾਂ ਵਿੱਚ ਬੁੱਧਵਾਰ ਨੂੰ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ। ਹੜਤਾਲ 'ਤੇ ਬੈਠੇ ਮੁਲਾਜ਼ਮਾਂ—ਲਵਪ੍ਰੀਤ ਸਿੰਘ, ਗਗਨਦੀਪ ਸਿੰਘ, ਚਰਨਜੀਤ ਸਿੰਘ, ਗੁਰਵਿੰਦਰ ਸਿੰਘ, ਬਲਕਾਰ ਸਿੰਘ, ਦਿਲਦਾਰ ਖਾਨ, ਸੰਦੀਪ ਕੌਰ ਤੇ ਗੁਰਵਿੰਦਰ ਕੌਰ—ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਸੇਵਾ ਕੇਂਦਰਾਂ ਵਿੱਚ ਕੰਮ ਕਰ ਰਹੇ ਹਨ। ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਉਨ੍ਹਾਂ ਦੀਆਂ ਤਨਖ਼ਾਹਾਂ ਬਹੁਤ ਘੱਟ ਹਨ, ਜਿਸ ਕਾਰਨ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਠੇਕੇਦਾਰੀ ਸਿਸਟਮ ਰਾਹੀਂ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਨੌਕਰੀ ਦੀ ਕੋਈ ਸੁਰੱਖਿਆ ਨਹੀਂ ਹੈ। ਲਗਾਤਾਰ ਦਿੱਤੇ ਜਾਂਦੇ ਟਾਰਗੇਟਾਂ ਕਾਰਨ ਉਹ ਮਾਨਸਿਕ ਤਣਾਅ ਵਿੱਚ ਰਹਿੰਦੇ ਹਨ, ਜਿਸ ਕਾਰਨ ਉਹ ਹੜਤਾਲ 'ਤੇ ਜਾਣ ਲਈ ਮਜਬੂਰ ਹੋਏ ਹਨ।
ਮੁਲਾਜ਼ਮਾਂ ਦੀਆਂ ਮੁੱਖ ਮੰਗਾਂ:
ਤਨਖ਼ਾਹਾਂ ਵਿੱਚ ਯੋਗ ਵਾਧਾ ਕੀਤਾ ਜਾਵੇ।
ਪੋਸਟਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਠੇਕੇਦਾਰੀ ਸਿਸਟਮ ਪੂਰੀ ਤਰ੍ਹਾਂ ਖ਼ਤਮ ਹੋਵੇ।
'ਸਮਾਨ ਕੰਮ, ਸਮਾਨ ਤਨਖ਼ਾਹ' ਅਤੇ ਸਮਾਨ ਸਤਿਕਾਰ ਦਿੱਤਾ ਜਾਵੇ।
ਤੈਅ ਸਮੇਂ ਅਨੁਸਾਰ ਕੰਮ ਲਿਆ ਜਾਵੇ ਅਤੇ ਛੁੱਟੀਆਂ ਦੀ ਸਹੂਲਤ ਮਿਲੇ।
ਲੋਕਾਂ ਦੀਆਂ ਵਧੀਆਂ ਮੁਸ਼ਕਲਾਂ
ਜ਼ਿਕਰਯੋਗ ਹੈ ਕਿ ਤਹਿਸੀਲ ਅੰਦਰ ਬਣੇ ਸੇਵਾ ਕੇਂਦਰਾਂ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਆਪਣੇ ਕੰਮਕਾਜ ਕਰਵਾਉਣ ਆਉਂਦੇ ਹਨ। ਹੜਤਾਲ ਕਾਰਨ ਦੂਰ-ਦੂਰ ਤੋਂ ਆਏ ਲੋਕਾਂ, ਜਿਵੇਂ ਹਰਪਾਲ ਸਿੰਘ, ਗੁਰਨਾਮ ਕੌਰ ਅਤੇ ਜੈਸਮੀਨ ਨੂੰ ਬਿਨਾਂ ਕੰਮ ਕਰਵਾਏ ਵਾਪਸ ਮੁੜਨਾ ਪਿਆ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੜਤਾਲ ਬਾਰੇ ਪਤਾ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।