ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਇਹ ਇੱਕ ਗਰੁੱਪ ਹੈ ਜਿਸਨੇ ਪੂਰੀ ਸਾਜਿਸ਼ ਤਹਿਤ ਇਹ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੁਲਿਸ ਨੇ ਠੀਕਰੀਵਾਲ ਦੇ ਜਿਹੜੇ ਜਗਦੀਪ ਸਿੰਘ ਨੂੰ ਉਕਤ ਮਾਮਲੇ ’ਚ ਗ੍ਰਿਫਤਾਰ ਕੀਤਾ ਹੈ ਉਹ ਨਾ ਸੁਣ ਸਕਦਾ ਹੈ ਅਤੇ ਨਾ ਹੀ ਬੋਲ ਸਕਦਾ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਬਰਸ਼ੀ ਦੇ ਸਲਾਨਾ ਸ਼ਹੀਦੀ ਸਮਾਗਮ ਵਿੱਚ ਜਿੱਥੇ ਐਸਜੀਪੀਸੀ ਅਧਿਕਾਰੀ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਪੰਜਾਬ ਸਰਕਾਰ ਦੇ ਦੋ ਕੈਬਨਟ ਮੰਤਰੀ ਆਉਣ 'ਤੇ ਰੁਝੇ ਹੋਏ ਸਨ, ਉੱਥੇ ਹੀ ਉਸੇ ਰਾਤ ਇਸ ਇਤਿਹਾਸਿਕ ਪਿੰਡ ਠੀਕਰੀਵਾਲਾ ਵਿਖੇ ਪਵਿੱਤਰ ਗੁਟਕਾ ਸਾਹਿਬ ਜੀ ਬੇਅਦਬੀ ਨੂੰ ਲੈ ਕੇ ਬੁੱਧਵਾਰ ਨੂੰ ਵਾਸੀਆਂ ਨੇ ਰੋਹ 'ਚ ਆਉਂਦਿਆਂ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਧਰਨਾ ਲਗਾ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ 19 ਜਨਵਰੀ ਨੂੰ ਬਰਸੀ ਸਮਾਗਮਾਂ ਦੇ ਪੰਡਾਲ ’ਚ ਗੁਟਕਾ ਸਾਹਿਬ ਦੇ ਅੰਗ ਖਿਲਰੇ ਹੋਏ ਮਿਲੇ, ਜਿਸ ਤੋਂ ਬਾਅਦ ਬਰਸੀ ਸਮਾਗਮਾਂ ਦੀ ਪ੍ਰਬੰਧਕ ਕਮੇਟੀ ਤੇ ਪਿੰਡ ਵਾਸੀਆਂ 'ਚ ਰੋਸ ਫੈਲ ਗਿਆ। ਇਸ ਮੰਦਭਾਗੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਪੰਡਾਲ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਿੰਡ ਦੇ ਇੱਕ ਵਿਅਕਤੀ ਜਗਦੀਪ ਸਿੰਘ ਤੇ ਉਸਦੇ ਰਿਸ਼ਤੇਦਾਰ ਰਣਦੀਪ ਸਿੰਘ ਵਾਸੀ ਸੁਲਤਾਨਪੁਰ ਨੇੜੇ ਧੂਰੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 19 ਜਨਵਰੀ ਤੋਂ ਬਾਅਦ ਵੀ 20 ਤੇ 21 ਜਨਵਰੀ ਨੂੰ ਪਿੰਡ ਦੀਆਂ ਗਲੀਆਂ ’ਚੋਂ ਗੁਟਕਾ ਸਾਹਿਬ ਦੇ ਕੁਝ ਅੰਗ ਖਿਲਰੇ ਹੋਏ ਮਿਲੇ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ 21 ਜਨਵਰੀ ਨੂੰ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਕੋਲ ਚੌਂਕ ’ਚ ਧਰਨਾ ਲਗਾ ਕੇ ਮੰਗ ਕੀਤੀ ਕਿ ਇਸ ਮੰਦਭਾਗੀ ਘਟਨਾ ਦੇ ਮਾਸਟਰਮਾਈਂਡ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਪਿੰਡ ਵਾਸੀ ਭਾਵੇਂ ਪਿੰਡ ਦੇ ਹੀ ਇੱਕ ਵਿਅਕਤੀ ਅਤੇ ਇੱਕ ਉਸ ਦੇ ਰਿਸ਼ਤੇਦਾਰ ਨੂੰ ਤਾਂ ਹਿਰਾਸਤ ’ਚ ਲੈਣ ਤੋਂ ਸੰਤੁਸ਼ਟ ਹਨ ਪਰ ਪਿੰਡ ਵਾਸੀ ਇਹ ਵੀ ਮੰਗ ਕਰ ਰਹੇ ਹਨ ਕਿ ਗੁਟਕਾ ਸਾਹਿਬ ਦੇ ਜਿਹੜੇ ਅੰਗ ਪਿੰਡ ਦੀਆਂ ਗਲੀਆਂ ’ਚੋਂ ਮਿਲੇ ਹਨ ਉਨ੍ਹਾਂ ਦੇ ਦੋਸ਼ੀਆਂ ਨੂੰ ਵੀ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਇਹ ਇੱਕ ਗਰੁੱਪ ਹੈ ਜਿਸਨੇ ਪੂਰੀ ਸਾਜਿਸ਼ ਤਹਿਤ ਇਹ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੁਲਿਸ ਨੇ ਠੀਕਰੀਵਾਲ ਦੇ ਜਿਹੜੇ ਜਗਦੀਪ ਸਿੰਘ ਨੂੰ ਉਕਤ ਮਾਮਲੇ ’ਚ ਗ੍ਰਿਫਤਾਰ ਕੀਤਾ ਹੈ ਉਹ ਨਾ ਸੁਣ ਸਕਦਾ ਹੈ ਅਤੇ ਨਾ ਹੀ ਬੋਲ ਸਕਦਾ ਹੈ। ਇਸ ਲਈ ਪਿੰਡ ਵਾਸੀਆਂ ਦਾ ਇਹ ਵੀ ਮੰਨਣਾ ਹੈ ਕਿ ਉਸ ਦੇ ਪਿੱਛੇ ਯਕੀਨਨ ਕੋਈ ਹੋਰ ਸਾਜਿਸ਼ਕਰਤਾ ਹੈ, ਜਿਸ ਨੇ ਇੱਕ ਗੂੰਗੇ ਬੋਲੇ ਵਿਅਕਤੀ ਤੋਂ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦਿਵਾਇਆ ਹੈ। ਪਿੰਡ ਵਾਸੀਆਂ ਨੇ ਇਸ ਮਾਮਲੇ 'ਚ ਇਨਸਾਫ਼ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ ਹੈ।
ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ: ਡੀਐੱਸਪੀ ਬੈਂਸ
ਡੀਐੱਸਪੀ ਸਤਬੀਰ ਸਿੰਘ ਬੈਂਸ ਨੇ ਇਸ ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਦੋ ਵਿਅਕਤੀਆਂ ਨੂੰ ਰਾਊਂਡ ਅੱਪ ਕੀਤਾ ਜਿਨਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਡੀਐਸਪੀ ਬੈਂਸ ਨੇ ਦੱਸਿਆ ਕਿ ਇਸ ਮਾਮਲੇ 'ਚ ਫੜੇ ਗਏ ਇੱਕ ਗੂੰਗੇ ਬਹਿਰੇ ਵਿਅਕਤੀ ਤੋਂ ਪੁੱਛਗਿੱਛ ਲਈ ਸਪੈਸ਼ਲ ਟੀਚਰ ਦੀ ਮਦਦ ਲਈ ਜਾਵੇਗੀ ਜਿਸ ਤੋਂ ਬਾਅਦ ਜੋ ਵੀ ਇਨਪੁੱਟ ਸਾਹਮਣੇ ਆਵੇਗੀ ਉਸ ਦੇ ਆਧਾਰ 'ਤੇ ਜਿੱਥੇ ਉਕਤ ਵਿਅਕਤੀਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਉੱਥੇ ਹੀ ਇਸ ਮਾਮਲੇ 'ਚ ਅਗਲੀ ਕਾਰਵਾਈ ਵੀ ਕੀਤੀ ਜਾਵੇਗੀ। ਡੀਐੱਸਪੀ ਬੈਂਸ ਨੇ ਕਿਹਾ ਕਿ ਇਹ ਇੱਕ ਧਰਮ ਦੀ ਬੇਅਦਬੀ ਨਾਲ ਜੁੜਿਆ ਸੰਜੀਦਾ ਮਾਮਲਾ ਹੈ ਇਸ ਲਈ ਪੁਲਿਸ ਇਸ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।