Barnala Crime : ਪੰਡੋਰੀ ਵਾਸੀ ਬਜ਼ੁਰਗ ਦੀ ਲਾਸ਼ ਕੁਤਬਾ ਨੇੜੇ ਨਹਿਰ ਪਟੜੀ ਕੋਲੋਂ ਬਰਾਮਦ, ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਪੁਸ਼ਟੀ
ਇਸ ਮੌਕੇ ਥਾਣਾ ਮਹਿਲ ਕਲਾਂ ਦੇ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਅਤੇ ਏਐਸਆਈ ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਕੁਤਬਾ ਦੇ ਨਜ਼ਦੀਕ ਨਹਿਰ ਦੀ ਪਟੜੀ ਨਾਲ ਲੱਗਦੇ ਖੇਤ ’ਚ ਬਣੀ ਕੋਠੀ ਕੋਲ ਇੱਕ ਅਣਪਛਾਤੀ ਲਾਸ਼ ਪਈ ਹੈ।
Publish Date: Wed, 15 Apr 2026 02:32 PM (IST)
Updated Date: Wed, 15 Apr 2026 02:36 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜਿਲ੍ਹੇ ਦੇ ਪਿੰਡ ਕੁਤਬਾ ਨੇੜੇ ਬਠਿੰਡਾ ਬ੍ਰਾਂਚ ਨਹਿਰ ਦੀ ਪਟੜੀ ਨਾਲ ਲੱਗਦੇ ਕਿਸਾਨ ਦੇ ਖੇਤ ’ਚੋਂ ਇੱਕ ਵਿਅਕਤੀ ਦੀ ਲਾਸ਼ ਮਿਲਣ ਦਾ ਦੁੱਖਦਾਈ ਮਾਮਲਾ ਸਾਹਮਣੇ ਆਇਆ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਵਿਅਕਤੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਗਈ ਸੀ।
ਇਸ ਮੌਕੇ ਥਾਣਾ ਮਹਿਲ ਕਲਾਂ ਦੇ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਅਤੇ ਏਐਸਆਈ ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਕੁਤਬਾ ਦੇ ਨਜ਼ਦੀਕ ਨਹਿਰ ਦੀ ਪਟੜੀ ਨਾਲ ਲੱਗਦੇ ਖੇਤ ’ਚ ਬਣੀ ਕੋਠੀ ਕੋਲ ਇੱਕ ਅਣਪਛਾਤੀ ਲਾਸ਼ ਪਈ ਹੈ।
ਸੂਚਨਾ ਮਿਲਣ ਉਪਰੰਤ ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਜਾਇਜ਼ਾ ਲੈਣ ’ਤੇ ਪਤਾ ਲੱਗਿਆ ਕਿ ਇੱਕ ਵਿਅਕਤੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੁਲਿਸ ਵੱਲੋਂ ਲਾਸ਼ ਕਬਜ਼ੇ ’ਚ ਲੈਣ ਤੋਂ ਬਾਅਦ ਪਿੰਡ ਪੰਡੋਰੀ ਤੋਂ ਇੱਕ ਕਿਸਾਨ ਪਰਿਵਾਰ ਦੀ ਨੂੰਹ ਜਸਪ੍ਰੀਤ ਕੌਰ ਸਮੇਤ ਹੋਰ ਪਿੰਡ ਵਾਸੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੀ ਹਾਜ਼ਰੀ ’ਚ ਲਾਸ਼ ਦੀ ਪਹਿਚਾਣ ਅਜਮੇਰ ਸਿੰਘ (70) ਪੁੱਤਰ ਗੁਰਦਿਆਲ ਸਿੰਘ ਵਾਸੀ ਪੰਡੋਰੀ ਵਜੋਂ ਹੋਈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੂੰ ਕਰੀਬ ਦੋ ਮਹੀਨੇ ਪਹਿਲਾਂ ਬਿਜਲੀ ਦਾ ਕਰੰਟ ਲੱਗਣ ਕਾਰਨ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਜਸਵਿੰਦਰ ਕੌਰ, ਪੁੱਤਰ ਸੰਤੋਖ ਸਿੰਘ ਅਤੇ ਨੂੰਹ ਜਸਪ੍ਰੀਤ ਕੌਰ ਨੂੰ ਰੋਂਦਿਆਂ ਕਲਾਉਂਦਿਆਂ ਛੱਡ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਪਰਿਵਾਰ ਵੱਲੋਂ ਲਾਸ਼ ਦੀ ਪਹਿਚਾਣ ਹੋਣ ਤੋਂ ਬਾਅਦ ਕਿਸੇ ਹੋਰ ਕਾਨੂੰਨੀ ਕਾਰਵਾਈ ਲਈ ਅਰਜ਼ੀ ਨਹੀਂ ਦਿੱਤੀ ਗਈ।