ਅਕਾਲੀ ਆਗੂ ਗੋਲਡੀ ਨੇ ਘੇਰੀ ‘ਆਪ’ ਸਰਕਾਰ
ਅਕਾਲੀ ਆਗੂ ਵਿਨਰਜੀਤ ਗੋਲਡੀ ਨੇ ਘੇਰੀ ' ਆਪ ' ਸਰਕਾਰ
Publish Date: Wed, 17 Dec 2025 05:11 PM (IST)
Updated Date: Wed, 17 Dec 2025 05:12 PM (IST)
- ਕਿਹਾ, ਗਰਾਊਂਡਾਂ ’ਚ ਕਬੱਡੀ ਖਿਡਾਰੀਆਂ ਨੂੰ ਮਾਰੀਆਂ ਜਾ ਰਹੀਆਂ ਨੇ ਗੋਲੀਆਂ
- ਪਹਿਲੀਆਂ ਸਰਕਾਰਾਂ ਨੂੰ ਭੰਡਣ ਦੀ ਬਜਾਏ ਆਪਣੀ ਪੀੜ੍ਹੀ ਹੇਠ ਮਾਰੋ ਸੋਟਾ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ
ਸੁਨਾਮ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਖਡਿਆਲ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਆਖਿਆ ਕਿ ਪੰਜਾਬ ਅੰਦਰ ਵਾਪਰ ਰਹੀਆਂ ਘਟਨਾਵਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੈਂਗਸਟਰਾਂ ਅੱਗੇ ਗੋਡੇ ਟੇਕ ਦਿੱਤੇ ਹਨ। ਨਾਮਵਰ ਕਬੱਡੀ ਖਿਡਾਰੀਆਂ ਨੂੰ ਗਰਾਊਂਡਾਂ ਵਿੱਚ ਗੋਲੀਆਂ ਮਾਰੀਆਂ ਜਾ ਰਹੀਆਂ ਹਨ। ਸੁਨਾਮ ਵਿਖੇ ਇੰਟਰਨੈੱਟ ਮੀਡੀਆ ’ਤੇ ਆਪਣੇ ਅਕਾਊਂਟ ਤੋਂ ਸੂਬਾ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਨੌਜਵਾਨ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੂਬੇ ਅੰਦਰ ਵਿਗੜੀ ਕਾਨੂੰਨ ਵਿਵਸਥਾ ਲਈ ਪਹਿਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਚਾਰ ਸਾਲ ਬੀਤ ਗਏ ਹਨ। ਉਨ੍ਹਾਂ ਆਖਿਆ ਕਿ ਦੂਜੀਆਂ ਸਰਕਾਰਾਂ ਨੂੰ ਭੰਡਣ ਦੀ ਬਜਾਏ ਸੂਬੇ ਦੀ ਸਰਕਾਰ ਨੂੰ ਆਪਣੇ ਕਾਰਜਕਾਲ ਦੌਰਾਨ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਮੰਤਰੀ ਅਮਨ ਅਰੋੜਾ ਕਬੱਡੀ ਖਿਡਾਰੀ ਦੇ ਕਤਲ ਦਾ ਜਿੰਮਾ ਪਹਿਲੀਆਂ ਸਰਕਾਰਾਂ ਦੇ ਸਿਰ ਲਾ ਕੇ ਆਪਣੀ ਨਾਕਾਮੀ ਨੂੰ ਲੁਕਾਉਣਾ ਚਾਹੁੰਦੇ ਹਨ। ਅਕਾਲੀ ਦਲ ਦੀ ਸਰਕਾਰ ਗਈ ਨੂੰ 9 ਸਾਲ ਹੋ ਗਏ ਹਨ, ਇਹ ਕਹਿਣਾ ਕਿ ਅਕਾਲੀ ਦਲ ਦੇ ਕੰਡੇ ਬੀਜੇ ਹੋਏ ਹਨ, ਇਸ ਗੱਲ ਦਾ ਪ੍ਰਮਾਣ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੈ। ਇਸ ਮੌਕੇ ਸਰਕਲ ਪ੍ਰਧਾਨ ਰਮਨਦੀਪ ਸਿੰਘ ਰਾਣਾ ਬਾਲਟੀਆਂ ਅਤੇ ਭੋਲਾ ਸਿੰਘ ਜਖੇਪਲ ਆਦਿ ਹਾਜ਼ਰ ਸਨ।