ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ
Publish Date: Wed, 24 Dec 2025 03:57 PM (IST)
Updated Date: Wed, 24 Dec 2025 04:01 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਗਰੀਨ ਫ਼ੀਲਡ ਕਾਨਵੈਂਟ (ਸੀਨੀਅਰ ਸੈਕੰਡਰੀ) ਸਕੂਲ ਦਾਨਗੜ੍ਹ ਵਿਖੇ ਬੱਚਿਆਂ ਨੂੰ ਕੁਰਬਾਨੀਆਂ ਨਾਲ ਭਰੇ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਣ ਲਈ ਚੇਅਰਮੈਨ ਸੁਖਮਿੰਦਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਚੱਲ ਰਹੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਕੋਆਰਡੀਨੇਟਰ ਸੰਜੀਤ ਦੁਆਰਾ ਹੁਣ ਚੱਲ ਰਹੇ ਸ਼ਹੀਦੀ ਹਫ਼ਤੇ ਦੇ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸਿੱਖ ਕੌਮ ਇੱਕ ਅਜਿਹੀ ਕੌਮ ਹੈ ਜਿਸ ’ਚ ਸ਼ਹੀਦੀਆਂ ਨੂੰ ਗਿਣਿਆ ਜਾਂ ਮਿਣਿਆ ਨਹੀਂ ਜਾ ਸਕਦਾ। ਉਨ੍ਹਾਂ ਦੱਸਿਆ ਕਿ ਬਾਲ ਅਵਸਥਾ ਤੋਂ ਲੈ ਕੇ ਬਜ਼ੁਰਗ ਅਵਸਥਾ ਤੱਕ ਬਹੁਤ ਸਾਰੀਆਂ ਰੂਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ। ਸਰਬੰਸਦਾਨੀ ਦੇ ਤੌਰ ’ਤੇ ਜਾਣੇ ਜਾਂਦੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਬਚਾਉਣ ਅਤੇ ਲੋਕਾਂ ਨੂੰ ਮੁਗ਼ਲ ਰਾਜ ਤੋਂ ਮੁਕਤ ਕਰਵਾਉਣ ਲਈ ਆਪਣਾ ਸਭ ਕੁੱਝ ਵਾਰ ਦਿੱਤਾ। ਉਨ੍ਹਾਂ ਕਿਹਾ ਕਿ ਦਸਵੇਂ ਪਾਤਸ਼ਾਹ ਕਲਗੀਧਰ ਪਿਤਾ ਸਰਬੰਸਦਾਨੀ ਜੀ ਦੇ ਵੱਡੇ ਸ਼ਾਹਿਬਜ਼ਾਦੇ ਬਾਬਾ ਅਜੀਤ ਸਿੰਘ (17 ਸਾਲ), ਬਾਬਾ ਜੁਝਾਰ ਸਿੰਘ (13 ਸਾਲ) ਚਮਕੌਰ ਦੀ ਜੰਗ ’ਚ ਸ਼ਹੀਦ ਹੋਏ ਸਨ ਅਤੇ ਛੋਟੇ ਸ਼ਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ (8 ਸਾਲ) ਅਤੇ ਬਾਬਾ ਫ਼ਤਿਹ ਸਿੰਘ (5 ਸਾਲ) ਨੂੰ ਸੂਬਾ ਸਰਹੰਦ ਦੀ ਕੈਦ ’ਚ ਕੰਧਾਂ ’ਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਮੌਕੇ ਮਾਤਾ ਗੁਜਰੀ ਜੀ ਅਤੇ ਬਹੁਤ ਗਿਣਤੀ ’ਚ ਸਿੰਘ ਸੂਰਮੇ ਸ਼ਹੀਦੀ ਪਾ ਗਏ। ਇਸ ਤੋਂ ਉਪਰੰਤ ਸੰਗੀਤ ਅਧਿਆਪਕ ਅਵਤਾਰ ਸਿੰਘ ਦੁਆਰਾ ਤਿਆਰ ਕਰਵਾਏ ਵਿਦਿਆਰਥੀਆਂ ਨੇ ਕਵਿਤਾਵਾਂ, ਰਸਭਿੰਨਾ ਸ਼ਬਦ ਅਤੇ ਕੀਰਤਨ ਗਾਇਨ ਕਰਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕੀਤਾ। ਇਸਦੇ ਨਾਲ ਇਨ੍ਹਾਂ ਦਿਨਾਂ ਦੌਰਾਨ ਜੋ ਉਸ ਸਮੇਂ ਘਟਨਾਕ੍ਰਮ ਵਾਪਰਿਆ ਸੀ, ਉਸ ਬਾਰੇ ਜਾਣੂ ਕਰਵਾਉਣ ਲਈ ਬੱਚਿਆਂ ਨੂੰ ‘ਚਾਰ ਸਾਹਿਬਜ਼ਾਦੇ’ ਫ਼ਿਲਮ ਵੀ ਵਿਖਾਈ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਜਸਵੀਰ ਕੌਰ, ਇੰਚਾਰਜ ਅਜਿੰਦਰਪਾਲ ਟਿਵਾਣਾ ਅਤੇ ਮੈਡਮ ਅਮਨਦੀਪ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।