ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ 'ਤੇ ਹੋਇਆ ਪਰਚਾ, ਜ਼ਿਲ੍ਹਾ ਪ੍ਰਧਾਨ ਨੇ ਕਿਹਾ- ਪਰਚਾ ਰੱਦ ਨਾ ਹੋਇਆ ਤਾਂ ਲਾਵਾਂਗੇ ਪੱਕਾ ਧਰਨਾ
ਉੱਘੇ ਕਾਰੋਬਾਰੀ ਤੇ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਰਵਿੰਦ ਖੰਨਾ, ਅਕਾਲੀ ਆਗੂ ਸੀਨੀਅਰ ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੌਰੀ ਆਦਿ ਅਕਾਲੀ ਆਗੂ ਤੇ ਵਰਕਰਾਂ ਨੇ ਟਿੰਕੂ ਖਾਨ 'ਤੇ ਪਰਚਾ ਰੱਦ ਕਰਾਉਣ ਦੀ ਮੰਗ ਰੱਖਦਿਆਂ ਕਿਹਾ ਕਿ ਜੇਕਰ ਪਰਚਾ ਨਾ ਰੱਦ ਹੋਇਆ ਤਾਂ ਉਹ ਸਰਕਾਰ ਖਿਲਾਫ਼ ਸੰਘਰਸ਼ ਕਰਨਗੇ।
Publish Date: Fri, 17 Apr 2026 04:46 PM (IST)
Updated Date: Fri, 17 Apr 2026 04:51 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਤੇ ਮੁਸਲਿਮ ਭਾਈਚਾਰੇ ਦੇ ਕੱਟੜ ਆਗੂ ਟਿੰਕੂ ਖਾਨ 'ਤੇ ਬਰਨਾਲਾ ਪੁਲਿਸ ਵਲੋਂ ਭਾਵੇਂ ਇਕ ਮਹੀਨਾ ਪਹਿਲਾਂ ਹੀ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਤੇ ਹੋਰ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਹੋ ਗਿਆ ਸੀ ਪਰ ਸ਼ੁੱਕਰਵਾਰ ਸਵੇਰੇ ਕਾਂਗਰਸੀ ਆਗੂਆਂ ਵੱਲੋਂ 13 ਮਾਰਚ ਨੂੰ ਕਚਹਿਰੀ ਚੌਕ ਵਿਖੇ ਧਰਨਾ ਦੇਣ, ਟ੍ਰੈਫਿਕ ਰੋਕਣ ਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ 'ਤੇ ਹੋਏ ਕੇਸ 'ਚ ਇੱਕ ਮਹੀਨੇ ਬਾਅਦ ਆਈਐਫਆਈਆਰ ਦੀ ਕਾਪੀ 'ਚ ਟਿੰਕੂ ਖਾਨ ਦਾ ਵੀ ਨਾਮ ਨਾਮਜ਼ਦ ਕੀਤਾ ਗਿਆ ਹੈ। ਬਾਅਦ ਦੁਪਹਿਰ ਕਾਂਗਰਸ ਦੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਥੇ ਕਾਂਗਰਸੀ ਆਗੂਆਂ ਦੀ ਪਿੱਠ ਥਾਪੜਦਿਆਂ ਪਰਚਾ ਰੱਦ ਕਰਾਉਣ ਦੀ ਬਰਨਾਲਾ ਪੁਲਿਸ ਤੋਂ ਮੰਗ ਕਰਦਿਆਂ ਆਪਣੀ ਪਾਰਟੀ ਦੇ ਆਗੂ ਤੇ ਵਰਕਰਾਂ ਦੇ ਹੱਕ 'ਚ ਖੜਨ ਲਈ ਭੁੱਖ ਹੜਤਾਲ ਤਕ ਦਾ ਹਵਾਲਾ ਦਿੱਤਾ। ਉੱਥੇ ਹੀ, ਇਸ ਕਾਨਫਰੰਸ ਤੋਂ ਬਾਅਦ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਤੇ ਹੋਰ ਅਕਾਲੀ ਆਗੂਆਂ ਨੇ ਟਿੰਕੂ ਖਾਨ ਦੀ ਪਿੱਠ ਥਾਪੜਦਿਆਂ ਕਿਹਾ ਕਿ ਜੇਕਰ ਬਰਨਾਲਾ ਪੁਲਿਸ ਨੇ ਟਿੰਕੂ ਖਾਨ ਤੇ ਦਰਜ ਕੀਤਾ ਮਾਮਲਾ ਰੱਦ ਨਾ ਕੀਤਾ ਤਾਂ ਉਹ ਵੀ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਖਿਲਾਫ਼ ਪੱਕਾ ਮੋਰਚਾ ਲਗਾ ਕੇ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਉੱਘੇ ਕਾਰੋਬਾਰੀ ਤੇ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਰਵਿੰਦ ਖੰਨਾ, ਅਕਾਲੀ ਆਗੂ ਸੀਨੀਅਰ ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੌਰੀ ਆਦਿ ਅਕਾਲੀ ਆਗੂ ਤੇ ਵਰਕਰਾਂ ਨੇ ਟਿੰਕੂ ਖਾਨ 'ਤੇ ਪਰਚਾ ਰੱਦ ਕਰਾਉਣ ਦੀ ਮੰਗ ਰੱਖਦਿਆਂ ਕਿਹਾ ਕਿ ਜੇਕਰ ਪਰਚਾ ਨਾ ਰੱਦ ਹੋਇਆ ਤਾਂ ਉਹ ਸਰਕਾਰ ਖਿਲਾਫ਼ ਸੰਘਰਸ਼ ਕਰਨਗੇ।