ਵੈਟਰਨਰੀ ਇੰਸਪੈਕਟਰਾਂ ਨੇ ਡਿਪਟੀ ਡਾਇਰੈਕਟਰ ਦੇ ਦਫ਼ਤਰ ਅੱਗੇ ਲਾਇਆ ਧਰਨਾ
ਵੈਟਨਰੀ ਇੰਸਪੈਕਟਰਾਂ ਨੇ ਡਿਪਟੀ ਡਾਇਰੈਕਟਰ ਦੇ ਦਫਤਰ ਅੱਗੇ ਲਾਇਆ ਧਰਨਾ
Publish Date: Thu, 18 Dec 2025 05:05 PM (IST)
Updated Date: Thu, 18 Dec 2025 05:06 PM (IST)

ਸੰਗਰੂਰ : ਪੰਜਾਬ ਸਰਕਾਰ ਵੱਲੋਂ ਵੈਟਰਨਰੀ ਇੰਸਪੈਕਟਰ ਕੇਡਰ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਲਗਾਤਾਰ ਲਟਕਾਉਣ ਖ਼ਿਲਾਫ਼ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਸੰਗਰੂਰ ਅਤੇ ਮਾਲੇਰਕੋਟਲਾ ਦੇ ਸਮੂਹ ਵੈਟਰਨਰੀ ਇੰਸਪੈਕਟਰਜ਼ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸੰਗਰੂਰ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਮਨਜੀਤ ਸਿੰਘ ਨੇ ਆਖਿਆ ਕਿ ਵੈਟਰਨਰੀ ਇੰਸਪੈਕਟਰ ਕੇਡਰ ਪਸ਼ੂ ਧਨ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਨ, ਨਸਲ ਸੁਧਾਰ, ਪਸ਼ੂਆਂ ਦੇ ਮੁੱਢਲੇ ਇਲਾਜ ਵਰਗੀਆਂ ਸਹੂਲਤਾਂ ਨੂੰ ਪਸ਼ੂ ਪਾਲਕਾਂ ਦੇ ਦਰਵਾਜੇ ਤਕ ਪਹੁੰਚਾਉਦਾ ਹੈ। ਪਰ ਵੈਟਰਨਰੀ ਇੰਸਪੈਕਟਰ ਕੇਡਰ ਦੀਆਂ ਮੰਗਾਂ ਮਸਲਿਆਂ ਉੱਪਰ ਵਿਭਾਗ ਦੇ ਵਜੀਰ ਅਤੇ ਅਫਸਰਸ਼ਾਹੀ ਨਾਲ ਹੋਈਆਂ ਮੀਟਿੰਗਾਂ ਹੁਣ ਤਕ ਬੇਸਿੱਟਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਭਾਗ ਦੀ ਅਫਸਰਸ਼ਾਹੀ ਦੇ ਰਵੱਈਏ ਤੋਂ ਤੰਗ ਆਉਂਦਿਆਂ ਵੈਟਰਨਰੀ ਇੰਸਪੈਕਟਰ ਕੇਡਰ ਨੇ ਸਿਰਫ ਸਰਕਾਰ ਦੇ ਨਿਯਮਾਂ ਅਧੀਨ ਜਾਰੀ ਡਿਊਟੀ ਚਾਰਟ ਅਨੁਸਾਰ ਹੀ ਕੰਮ ਕਰਨ ਦਾ ਫੈਸਲਾ ਲਿਆ ਹੈ। ਵਰਕ-ਟੂ-ਰੂਲ ਅਨੁਸਾਰ ਕੰਮ ਕਰਨ ਦੇ ਫੈਸਲੇ ਕਾਰਨ ਬੁਖਲਾਹਟ ਵਿਚ ਆਈ ਵਿਭਾਗ ਦੀ ਅਫਸਰਸ਼ਾਹੀ ਵੱਲੋਂ ਵੈਟਰਨਰੀ ਇੰਸਪੈਕਟਰ ਕੇਡਰ ਦੁਆਰਾ ਕੀਤੇ ਗਏ ਵੈਕਸੀਨੇਸ਼ਨ ਦੇ ਕੰਮ ਨੂੰ ਜ਼ਬਰਦਸਤੀ ਅਫਸਰਸ਼ਾਹੀ ਦੇ ਖਾਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੈਟਰਨਰੀ ਇੰਸਪੈਕਟਰ ਕੇਡਰ ਦੇ ਮਨਾਂ ਵਿਚ ਇਸ ਕਾਰਵਾਈ ਦੇ ਖ਼ਿਲਾਫ਼ ਤਿੱਖਾ ਰੋਸ ਹੈ।
ਇਸ ਮੌਕੇ ਜਥੇਬੰਦੀ ਦੇ ਸੂਬਾਈ ਮੀਤ ਪ੍ਰਧਾਨ ਜਗਜੀਤ ਸਿੰਘ, ਸੂਬਾਈ ਕਮੇਟੀ ਮੈਂਬਰ ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਸੱਕਤਰ ਚਮਕੌਰ ਸਿੰਘ ਕੁਲਵਿੰਦਰ ਸਿੰਘ, ਸ਼ੁਭਚਰਨਜੀਤ ਸਿੰਘ ਅਵਤਾਰ ਸਿੰਘ, ਸੌਰਭ ਕੁਮਾਰ, ਹਰਿੰਦਰ ਪਾਲ ਸ਼ਰਮਾ, ਦਲਜੀਤ ਸਿੰਘ ਧਲੇਰੀਆ, ਰਾਜਵਿੰਦਰ ਸਿੰਘ, ਨਾਜਰ ਸਿੰਘ, ਜਸਵੀਰ ਸਿੰਘ, ਜਸਵਿੰਦਰ ਸਿੰਘ ਬੜੀ ਨੇ ਕਿਹਾ ਕਿ ਪੰਜਾਬ ਦੇ ਸਮੂਹ ਵੈਟਰਨਰੀ ਇੰਸਪੈਕਟਰਜ ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਅਤੇ ਸਰਕਾਰ ਦੇ ਇਸ ਅੜੀਅਲ ਰਵੱਈਏ ਅਤੇ ਧੱਕੇਸ਼ਾਹੀ ਖ਼ਿਲਾਫ਼ 4 ਜਨਵਰੀ ਨੂੰ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵਿਧਾਨ ਸਭਾ ਹਲਕਾ ਲੰਬੀ ਵਿਚ ਸੂਬਾ ਪੱਧਰੀ ਰੋਸ ਮੁਜ਼ਾਹਰਾ ਕਰਨਗੇ।