ਬੇਰੁਜ਼ਗਾਰਾਂ ਨੇ ਸ਼ਹਿਰ ’ਚ ਕੱਢਿਆ ਰੋਸ ਮਾਰਚ
ਬੇਰੁਜ਼ਗਾਰਾਂ ਨੇ ਸ਼ਹਿਰ ’ਚ ਕੱਢਿਆ ਰੋਸ ਮਾਰਚ
Publish Date: Wed, 28 Jan 2026 06:26 PM (IST)
Updated Date: Wed, 28 Jan 2026 06:28 PM (IST)
- ਡੀਸੀ ਦਫ਼ਤਰ ਅੱਗੇ ਪੱਕਾ ਮੋਰਚਾ 35 ਦਿਨਾਂ ਤੋਂ ਜਾਰੀ
ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ
ਸੰਗਰੂਰ : ਡੀਸੀ ਦਫ਼ਤਰ ਅੱਗੇ ਮੰਗਾਂ ਨੂੰ ਲੈ ਕੇ 35 ਦਿਨਾਂ ਤੋਂ ਪੱਕੇ ਮੋਰਚੇ ’ਤੇ ਬੈਠੇ ਬੇਰੁਜ਼ਗਾਰਾਂ ਨੇ ਬੁੱਧਵਾਰ ਨੂੰ ਬੇਰੁਜ਼ਗਾਰ ਸਾਂਝਾ ਮੋਰਚਾ ਦੀ ਅਗਵਾਈ ਵਿੱਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਹਰਜਿੰਦਰ ਝੁਨੀਰ ਨੇ ਦੱਸਿਆ ਕਿ ਉਹ ਪਿਛਲੇ 35 ਦਿਨਾਂ ਤੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸ਼ਾਂਤਮਈ ਤਰੀਕੇ ਪੱਕਾ ਮੋਰਚਾ ਲਾ ਕੇ ਬੈਠੇ ਹੋਏ ਹਨ। ਬੇਰੁਜ਼ਗਾਰਾਂ ਦੀ ਮੰਗ ਹੈ ਕਿ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਖਾਲੀ ਪਈਆਂ ਲੈਕਚਰਾਰ, ਮਾਸਟਰ ਕੇਡਰ ਅਤੇ ਮਲਟੀਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਜਾਰੀ ਕੀਤੀਆਂ ਜਾਣ, ਆਰਟ ਐਂਡ ਕਰਾਫਟ ਦੀਆਂ 250 ਪੋਸਟਾਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ। ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਵੱਲੋਂ ਚੋਣਾਂ ਮੌਕੇ ਕੀਤੇ ਵਾਅਦੇ ਜਿਨਾਂ ਵਿੱਚ ਮਾਲਵਾ ਨਹਿਰ ਆਈਏਐੱਸ/ਪੀਸੀਐੱਸ ਕੋਚਿੰਗ ਸੈਂਟਰ ਖੋਲਣ, 16 ਮੈਡੀਕਲ ਕਾਲਜ ਸਥਾਪਿਤ ਕਰਨ, ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ, ਸੈਂਟਰ ਪੇ-ਸਕੇਲ ਰੱਦ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਸਾਰੇ ਵਿਭਾਗਾਂ ਦੇ ਵਰਕਰਾਂ ਦੇ ਮਾਣ ਭੱਤੇ ਵਿੱਚ ਵਾਧਾ ਕਰਨ, ਪੰਜਾਬ ਦੀਆਂ ਔਰਤਾਂ ਨੂੰ 1000-1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਲਾਰੇ ਬਣ ਚੁੱਕੇ ਹਨ। ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਲੋਕਾਂ ਦੇ ਘਰਾਂ ਤਕ ਆਟਾ-ਦਾਲ ਪੁਚਾਉਣਾ, ਬੀਐੱਮਡਬਲਯੂ ਦਾ ਕਾਰਖਾਨਾ ਖੋਲ੍ਹਣਾ, ਲੱਚਰ-ਹਿੰਸਕ ਅਤੇ ਨਸ਼ਿਆਂ ਅਤੇ ਅਸਲੇ ਨੂੰ ਉਤਸ਼ਾਹਤ ਕਰਨ ਵਾਲੀ ਗਾਇਕੀ ਉੱਤੇ ਪਾਬੰਦੀ, ਚਿੱਟੇ ਅਤੇ ਨਸ਼ਿਆਂ ਦਾ ਖਾਤਮਾ, ਚਾਈਨਾ ਡੋਰ ਖਾਤਮਾ, ਰਿਸ਼ਵਤਖੋਰੀ ਦਾ ਖਾਤਮਾ, ਸਸਤੀ ਰੇਤ ਮੁਹੱਈਆ ਕਰਵਾਉਣਾ, ਮੂੰਗੀ ਦੀ ਫ਼ਸਲ ਉੱਤੇ 5 ਮਿੰਟਾਂ ਵਿੱਚ ਐੱਮਐੱਸਪੀ ਦੇਣਾ, ਨੀਂਹ ਪੱਥਰਾਂ ਉੱਤੇ ਮਿਸਤਰੀਆਂ ਦੇ ਨਾਮ ਲਿਖਣਾ, ਗਿਰਦਾਵਰੀ ਤੋਂ ਪਹਿਲਾਂ ਫਸਲਾਂ ਦਾ ਮੁਆਵਜ਼ਾ ਦੇਣਾ, ਵੀਆਈਪੀ ਕਲਚਰ ਦਾ ਖਾਤਮਾ, ਸਿੱਖਿਆ ਕ੍ਰਾਂਤੀ ਅਤੇ ਸਿਹਤ ਕ੍ਰਾਂਤੀ ਦੇ ਦਮਗਜੇ ਮਾਰਨਾ, 13765 ਅਧਿਆਪਕ ਭਰਤੀ ਕਰਨ ਦਾ ਪ੍ਰਚਾਰ, 61000 ਸਰਕਾਰੀ ਨੌਕਰੀਆਂ ਦਾ ਪ੍ਰਚਾਰ ਕੋਰੇ ਝੂਠ ਸਾਬਤ ਹੋ ਚੁੱਕੇ ਹਨ। ਬੇਰੁਜ਼ਗਾਰਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਜਲਦੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਪਿੰਡਾਂ ਵੱਲ ਵਹੀਰਾਂ ਘੱਤਣਗੇ। ਇਸ ਮੌਕੇ ਸੁਖਪਾਲ ਖਾਨ, ਮਨਦੀਪ ਸਿੰਘ ਭੱਦਲਵੱਡ, ਰਣਜੀਤ ਮੌੜ, ਮਨਜੀਤ ਉਪਲੀ, ਅਮਨਦੀਪ ਕੌਰ, ਰਾਜਵੀਰ ਕੌਰ, ਮਨਦੀਪ ਕੌਰ ਅਤੇ ਸ਼ਿੰਦਰ ਪਾਲ ਕੌਰ ਆਦਿ ਹਾਜ਼ਰ ਸਨ।