ਐੱਸਡੀਐੱਮ ਨੇ ਤਹਿਸੀਲ ’ਚ ਕੀਤੀ ਚੈਕਿੰਗ
ਐਸਡੀਐਮ ਲਹਿਰਾ ਨੇ ਕੀਤੀ ਤਹਿਸੀਲ ਮੂਨਕ ਦੀ ਚੈਕਿੰਗ
Publish Date: Wed, 07 Jan 2026 06:14 PM (IST)
Updated Date: Wed, 07 Jan 2026 06:17 PM (IST)

- ਕਈ ਦਫ਼ਤਰਾਂ ’ਚ ਸਾਰੇ ਮੁਲਾਜ਼ਮ ਮਿਲੇ ਗੈਰ ਹਾਜ਼ਰ ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਐੱਸਡੀਐੱਮ ਰਕੇਸ਼ ਪ੍ਰਕਾਸ਼ ਗਰਗ ਜਿਨ੍ਹਾਂ ਕੋਲ ਮੂਨਕ ਅਤੇ ਖਨੌਰੀ ਦਾ ਵੀ ਚਾਰਜ ਹੈ, ਨੇ ਅੱਜ ਵੱਖ-ਵੱਖ ਥਾਵਾਂ ਤੇ ਦਫ਼ਤਰਾਂ ਦੀ ਚੈਕਿੰਗ ਕੀਤੀ। ਜਿਸ ਵਿੱਚ ਭਾਰੀ ਊਣਤਾਈਆਂ ਦੇਖਣ ਨੂੰ ਮਿਲੀਆਂ। ਉਨ੍ਹਾਂ ਵੱਲੋਂ ਸਬੰਧਿਤ ਮਹਿਕਮੇ ਦੇ ਕਰਮਚਾਰੀਆਂ ਨੂੰ ਨੋਟਿਸ ਭੇਜੇ ਗਏ ਅਤੇ ਸਖ਼ਤ ਤਾੜਨਾ ਕੀਤੀ ਗਈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਤਹਿਸੀਲ ਮੂਨਕ ਵਿਖੇ ਐੱਸਡੀਐੱਮ ਲਹਿਰਾ ਰਕੇਸ਼ ਪ੍ਰਕਾਸ਼ ਗਰਗ ਵੱਲੋਂ ਕੀਤੀ ਚੈਕਿੰਗ ਦੌਰਾਨ ਕਾਫੀ ਸਟਾਫ਼ ਗੈਰ ਹਾਜ਼ਰ ਮਿਲਿਆ ਅਤੇ ਇਸ ਤੋਂ ਇਲਾਵਾ ਤਹਿਸੀਲ ਮੂਨਕ ਵਿਖੇ ਸਬੰਧਿਤ ਕੋਰਟ ਕੇਸਾਂ ਵਿੱਚ ਵੀ ਬਹੁਤ ਊਣਤਾਈਆਂ ਪਾਈਆਂ ਗਈਆਂ। ਜਿਨ੍ਹਾਂ ਨੂੰ ਸੋ਼ਕਾਜ਼ ਨੋਟਿਸ ਜਾਰੀ ਕੀਤੇ ਗਏ ਹਨ। ਇਸ ਸਬੰਧੀ ਐੱਸਡੀਐੱਮ ਲਹਿਰਾ ਨੇ ਕਿਹਾ ਕਿ ਚੈਕਿੰਗ ਦੌਰਾਨ ਤਹਿਸੀਲ ਖਨੌਰੀ ਅਤੇ ਮਾਰਕੀਟ ਕਮੇਟੀ ਖਨੌਰੀ ਵਿੱਚ ਲਗਪਗ ਸਾਰੇ ਹੀ ਮੁਲਾਜ਼ਮ ਗੈਰਹਾਜ਼ਰ ਸਨ। ਉਨ੍ਹਾਂ ਕਿਹਾ ਕਿ ਦਫ਼ਤਰਾਂ ਵਿੱਚ ਹਾਜ਼ਰੀ ਯਕੀਨੀ ਬਣਾਈ ਜਾਵੇ ਤਾਂ ਜੋ ਪਬਲਿਕ ਨੂੰ ਪਰੇਸ਼ਾਨੀ ਨਾ ਆਵੇ। ਉਨ੍ਹਾਂ ਮੁਲਾਜ਼ਮਾਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਸਭ ਨੂੰ ਸਮੇਂ ਸਿਰ ਆਉਣਾ ਚਾਹੀਦਾ ਹੈ ਤਾਂ ਜੋ ਪਬਲਿਕ ਦੇ ਕੰਮ ਸਮੇਂ ਸਿਰ ਹੋ ਸਕਣ ਅਤੇ ਉਹ ਟਾਈਮ ਸਿਰ ਆਪਣੇ ਘਰ ਜਾ ਸਕਣ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੂਨਕ ਤਹਿਸੀਲ ਵਿਖੇ ਤਾਇਨਾਤ ਰੀਡਰ ਅਤੇ ਨਾਇਬ ਤਹਿਸੀਲਦਾਰ ਨੂੰ ਸਪਸ਼ਟ ਆਦੇਸ਼ ਦਿੰਦਿਆਂ ਕਿਹਾ ਕਿ ਸਮੇਂ ਸਿਰ ਇੰਤਕਾਲ ਕੀਤੇ ਜਾਣ ਅਤੇ ਵਸੀਕੇ ਸਮੇਂ ਸਿਰ ਰਜਿਸਟਰਡ ਕੀਤੇ ਜਾਣ। ਬੇਵਜ੍ਹਾ ਕਿਸੇ ਨੂੰ ਪਰੇਸ਼ਾਨ ਵੀ ਨਾ ਕੀਤਾ ਜਾਵੇ। ਐੱਸਡੀਐੱਮ ਰਕੇਸ਼ ਪ੍ਰਕਾਸ਼ ਗਰਗ ਨੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਅੱਗੇ ਨੂੰ ਜੇਕਰ ਲਹਿਰਾ, ਮੂਨਕ ਖਨੌਰੀ ਨਾਲ ਸਬੰਧਿਤ ਸਾਰੇ ਦਫਤਰਾਂ ਵਿਖੇ ਮੁਲਾਜ਼ਮਾਂ ਵੱਲੋਂ ਕੋਈ ਕੁਤਾਹੀ ਸਾਹਮਣੇ ਆਈ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।